10 November, 2013

ਗਜ ਸ਼ਬਦ ਦੀ ਸਮੀਖਿਆ


ਅੱਜ ਦਾ ਸ਼ਬਦ ਜਿਸਦੀ ਅਸਾਂ ਵਿਚਾਰ ਸਾਂਝੀ ਕਰਨੀ ਹੈ,ਉਹ ਗਜ ਹੈ।ਇਹ ਸ਼ਬਦ ਬਹੁ ਆਰਥਕ ਸ਼ਬਦ ਹੈ।ਕਿਸੇ ਵਿਅਕਤੀ ਦਾ ਨਾਮ ਭੀ ਹੁੰਦਾਂ ਹੈ ਜਿਵੇਂ ਗੱਜ ਸਿੰਘ ਜਾਂ ਪਿਛੇਤਰ ਲਗ ਕੇ ਭੀ ਨਾਮ ਬਣਦਾ ਹੈ। ਜਿਵੇਂ ਗੜਗੱਜ ਸਿੰਘ।ਗਜ ਦਾ ਅਰਥ ਗੱਜਨਾਂ ਭੀ ਹੈ ਜਿਵੇਂ ਅੱਜ ਬੱਦਲ ਬਹੁਤ ਗੱਜ ਰਿਹਾ ਹੈ।ਗਜ ਗਣੇਸ਼ ਨੂੰ  ਭੀ ਕਿਹਾ ਜਾਦਾ ਹੈ।ਰਾਜੇ ਸੁਗ੍ਰੀਵ ਦੇ ਇਕ ਮੰਤਰੀ ਦਾ ਭੀ ਨਾਮ ਸੀ।ਗਜ ਇਕ ਮਿਣਤੀ ਦਾ ਭੀ ਪੈਮਾਨਾ ਹੈ ਜੋ ਅਠਤਾਲੀ ਉਗਲਾਂ,ਜਾਂ ਬਾਰਾਂ ਚਪੇ, ਜਾਂ ਤੇਰਾਂ  ਗਿਰਹਾ ਜਾਂ ਦੋ ਹੱਥ ਦਾ ਇਕ ਦਾ ਇਕ ਪੈਮਾਨਾ ਜੋ ਇਕ ਗਜ ਅਖਵਾਉਦਾਂ ਹੈ।ਅੱਜ ਕੱਲ ਇਸਦੀ ਵਰਤੋਂ ਅਮਰੀਕਾ ਕਨੈਡਾ ਅਤੇ ਯੂ ਕੇ ਵਿੱਚ ਤਾਂ ਕਾਇਮ ਹੈ ਪਰ ਭਾਰਤ ਵਿੱਚ ਇਸਦੀ ਥਾਂ ਮੀਟਰ ਨੇ ਲੈ ਲਈ ਹੈ ਜੋ ਗਜ ਤੋਂ ਥੋੜਾ ਜਿਹਾ ਲੰਬਾਈ ਵਿੱਚ ਲੰਮੇਰਾ ਹੈ।ਸਰੰਗੀ ਜਾਂ ਸਰੰਦੇ ਨੂੰ ਵਜਾਉਣ ਵਾਲੇ ਕਮਾਨਚੇ ਨੂੰ  ਭੀ ਗਜ ਹੀ ਬੋਲਦੇ ਹਨ।ਬੰਦੂਕ ਨੂੰ ਸਾਫ ਕਰਨ ਜਾਂ ਬੰਦੂਕ ਵਿੱਚ ਠੋਕ ਕੇ ਬਰੂਦ ਭਰਨ ਲਈ ਵਰਤੇ ਜਾਣ ਵਾਲੇ ਲੋਹੇ ਦੇ ਸਰੀਏ ਨੂੰ ਭੀ ਗੱਜ ਹੀ ਕਿਹਾ ਜਾਂਦਾ ਹੈ।ਪਠਾਨਾਂ ਦੀ ਫੌਜ ਵਿੱਚ ਮਹਾਨ ਯੋਧੇ ਨੂੰ ਗਾਜੀ ਕਿਹਾ ਜਾਦਾ ਹੈ।
ਹਮੈ ਨ ਗਜ ਸੈਨਾ ਮਹਿ ਦੀਜੈ॥ਹਿੰਦੂ ਧਰਮ ਰਾਖਿ ਕਰ ਲੀਜੈ॥
(ਦੇਖੋ ਮਹਾਨ ਕੋਸ਼ ੧੪੩੦)
ਗਜ ਦਾ ਅਰਥ ਹਾਥੀ ਭੀ ਹੈ। ਇਸਨੂੰ ਗਜਇਦੰ੍ਰ ਹਾਥੀਆਂ ਦਾ ਰਾਜਾ।ਹਾਥੀ ਨੂੰ ਹਸਤੀ ਭੀ ਕਹਾ ਗਿਆ ਹੈ ਹਸਤੀ ਸਿਰ ਜਿਉ ਅੰਕਸ ਹੈ...।ਮਤੰਗ,. ਕਰੀ .ਨਾਗ. ਕੁੰਚਰ ਫੀਲ ਅਤੇ ਐਲੀਫੈਟ ਤੇ ਹੈ ਤੇ ਕੁਝ ਹੋਰ ਭੀ ਨਾਮ ਹਨ।
 ਬਾਣੀ ਵਿੱਚ ਆਇਆ ਇਹ ਨਾਮ ਦੋ ਅਰਥਾਂ ਵਿੱਚ ਹੀ ਆਇਆ ਹੈ।
ਇਕ ਮਿਣਤੀ ਦੇ ਪੈਮਾਨੇ ਗਜ ਵਾਸਤੇ ਤੇ ਇਕ ਹਾਥੀ ਵਾਸਤੇ।ਗੁਰਬਾਣੀ ਅੰਦਰ ਆਏ ਇਹ ਦੋਵਾਂ ਨਾਮਾਂ ਦੇ ਅਧਾਰ  ਤੇ ਵਖਰੀ ੨ ਵਿਚਾਰ ਆਪ ਜੀ ਨਾਲ ਸਾਝੀ ਕਰਨ ਦੀ ਆਗਿਆ ਚਾਹਵਾਂਗਾ।
{੧}ਗਜ ਕੋ ਤ੍ਰਾਸ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ॥ਪੰਨਾਂ ੨੨੦॥ਮ:੯॥ਰਾਗ ਗਾਉੜੀ॥
ਜਿਸ ਦਾ ਸਿਮਰਨ ਕਰਕੇ ਹਾਥੀ ਦਾ ਡਰ ਮਿਟ ਗਿਆ ਸੀ.ਤੁਸੀ ਉਸਨੂੰ ਕਿਉ ਭੁਲਾ ਰਹੇ ਹੋ।
{੨}ਕਾਮ ਸੁਆਇ ਗਜ ਬਸਿ ਪਰੈ ਮਨ ਬਉਰਾ ਰੇ ਅੰਕਸ ਸਹਿਓ ਸੀਸ।ਪੰਨਾਂ ੩੩੫॥ਕਬੀਰ ਜੀ।
ਕਾਮ ਦੇ ਚਸਕੇ ਵਿੱਚ  ਗ੍ਰਸਿਆ ਹਾਥੀ ਪਰਾਏ ਵੱਸ ਹੋ ਜਾਂਦਾ ਹੈ ਤੇ ਫਿਰ ਮਹਾਵਤ ਦਾ ਕੁੰਡਾਂ ਅਪਣੇ ਸਿਰ ਤੇ ਸੰਿਹਦਾਂ ਹੈ।
{੩}ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ॥ਸੋਰਠਿ ਮ:੯॥੬੩੨ ਪੰਨਾਂ॥
ਜਦੋਂ ਹੀ ਦਇਆ ਦੇ ਦਾਤੇ ਪਰਮਾਤਮਾ ਦੀ ਓਟ ਹਾਥੀ ਨੇ ਤੱਕੀ ਤਾਂ ਤੇਦੂਏ ਦੀ ਪਕੜ ਤੋਂ ਤੋਂ ਹਾਥੀ ਦਾ ਸਿਤਾਰਾ ਹੋ ਗਿਆ॥
{੪}ਗਜਇੰਦ੍ਰ ਧਿਆਇਓ ਹਰਿ ਕੀਓ ਮੋਖ॥ਬਸੰਤ ਮ: ੫॥੧੧੯੨ਪੰਨਾਂ॥
ਵਡੇ ਹਾਥੀ ਨੇ ਤੰਦੂਏ ਦੀ ਫਾਹੀ ਵਿੱਚ ਫੱਸ ਕੇ ਪਰਮਾਤਮਾ ਨੂੰ ਧਿਆਇਆ ਤਾਂ ਪਾਣੀ ਵਿਚ ਡੁਬਦੇ ਨੂੰ ਪ੍ਰਭੂ ਨੇ ਤੰਦੂਏ ਦੀ ਫਾਹੀ ਤੋਂ ਬਚਾ ਲਿਆ।
{੫}ਕਹੁ ਨਾਨਕ ਅਬ ਓਟ ਹਰਿ ਗਜ ਸਿਉ ਹੋਹੁ ਸਹਾਇ॥ਸਲੋਕ ਮ:੯॥੧੪੨੯ਪੰਨਾਂ॥
ਹੇ ਨਾਨਕ ਆਖ ਇਹੋ ਜੇਹੇ ਵੇਲੇ ਹੁਣ ਤੇਰਾ ਹੀ ਸਹਾਰਾ ਹੈ , ਜਿਵੈਂ ਤੰਦੂਏ ਤੋਂ ਹਾਥੀ ਨੂੰ ਬਚਾਉਣ ਲਈ ਸਹਇਤਾ ਕੀਤੀ ਸੀ ਉਵੇਂ ਹੁਣ ਸਾਡੇ ਭੀ ਸਹਾਇਕ ਹੋਵੋ ਜੀ
ਇਥੇ ਤੱਕ ਪੰਜ ਪ੍ਰਮਾਨ ਹਾਥੀ ਅਰਥ ਰੱਖਨ ਵਾਲੀਆਂ ਪੰਕਤੀਆ ਦੇ ਆਪ ਜੀ ਨਾਲ ਸਾਂਝੇ ਕੀਤੇ ਹਨ ਅਗਲੇਰੇ ਪ੍ਰਮਾਨ ਮਿਣਤੀ ਦੇ ਪੈਮਾਨੇ ਗਜ ਨਾਲ ਸਬੰਧ ਰਖਨ ਵਾਲੀਆਂ ਪੰਕਤੀਆਂ ਦੇ ਕਰਨ ਦੀ aਾਗਿਆ ਚਾਹਵਾਂਗੇ।
(੧) ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨ ਸੇਰ ਅਢਾਈ॥ਗਾਉੜੀ ਕਬੀਰ ਜੀ ॥੩੩੫ਪੰਨਾਂ॥
ਸਰੀਰ ਰੂਪੀ ਇਹ ਤਾਣੀ ਗਜਾਂ ਨਾਲ ਨਹੀ ਮਿਣੀ ਜਾਦੀ, ਵਟੇ ਨਾਲ ਤੋਲੀਦੀਂ ਨਹੀ,ਫਿਰ ਭੀ ਇਸ ਨੂੰ ਢਾਈ ਸੇਰ ਖੁਰਾਕ ਰੋਜ ਪਾਣ ਵਾਸਤੇ ਚਾਹੀਦੀ ਹੈ।
(੨) ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨ ਤਗ॥ਕਬੀਰ ਜੀ॥੪੭੬ਪੰਨਾਂ ਆਸਾ ਰਾਗ॥
ਜੋ ਮਨੁਖ ਸਾਢੇ ਤਿੰਨ ਤਿੰਨ ਗਜ ਧੋਤੀਆਂ ਪਹਿਨਦੇ ਹਨ ,ਤਿੰਨਾਂ ਤੰਦਾਂ ਵਾਲੇ ਜਨੇਉ ਪਾਦੇ ਹਨ।
(੩)ਮਨ ਮੇਰੋ ਗਜ ਜਿਹਬਾ ਮੇਰੀ ਕਾਤੀ॥ਆਸਾ ਨਾਮਦੇਵ ਜੀ ॥੪੮੫ਪੰਨਾਂ॥
ਭਗਤ ਨਾਮਦੇਵ ਜੀ ਫੁਰਮਾਨ ਕਰਦੇ ਹਨ ਕਿ ਪ੍ਰਭੂ ਦੀ ਭਗਤੀ ਕਰਦਿਆਂ ੨ ਮੇਰਾ ਮਨ ਗਜ ਬਣ ਗਿਆ ਹੈ ਤੇ ਰਸਨਾਂ ਮੇਰੀ ਕੈਂਚੀ ਬਣ ਗਈ ਹੈ।
(੩) ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ॥ਕਬੀਰ ਜੀ ਰਾਗ ਗਾਉੜੀ॥੩੩੫ੰਨਾਂ॥
ਜਦੋ ਜੀਵ ਜਨਮ ਲੈਦਾਂਓ ਹੈ ਤਾਂ ੪੦ ਗਜ ਦੀ ਇਕ ਪੂਰੀ  ਤਾਣੀ ਬਣ ਜਾਦੀ ਹੈ।ਜਿਸ ਵਿੱਚ ਨੌ ਗੋਲਕਾਂ ਦੱਸ ਇੰਦ੍ਰੇ ਤੇ ਇਕੀ ਗਜ ਹੋਰ ਹੁੰਦੇ ਹਨ ।
ਅੱਜ ਇਤਨੀ ਵਿਚਾਰ ਪ੍ਰਵਾਨ ਕਰ ਲੈਣੀ ਜੀ ਭੁਲਚੁਕ ਦੀ ਖਿਮਾਂ।
ਪ੍ਰਕਰਨ ਲਿਖਿਆ ੯ਨਵੰਬਰ ੨੦੧੩ ਸ਼ਨੀਵਾਰ॥
ਦਲੇਰ ਸਿੰਘ ਜੋਸ  ੯੮੮੮੧੫੧੬੮੬

06 November, 2013

ਪ੍ਰਭੂ ਨਾਲ ਬਣੀ ਪ੍ਰੀਤ ਦਾ ਜਿਕਰ ॥


ਸੰਸਾਰੀ ਜੀਵਾਂ ਦਾ ਮੋਹ ਸੰਸਾਰਕ ਵਸਤੂਆਂ ਨਾਲ ਬਹੁਤਾ ਹੁਦਾਂੰ ਹੈ।ਸੰਸਾਰ ਦਾ ਮੋਹ ਨਿਰੰਕਾਰ ਨਾਲ ਜੁੜਨ ਵਿਚ ਬਾਧਾ ਬਣਦਾ ਹੈ।ਬਾਣੀ ਦਾ ਭੀ ਫੁਰਮਾਣ ਹੈ ਪੰਕ ਜੁ ਮੁਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ॥ਇਸ ਲਈਪ੍ਰਭੂ ਨਾਲ ਪ੍ਰੇਮ ਬਣਾਉਣ ਲਈ ਕੁਝ ਤਿਆਗ ਕਰਨਾਂ ਪਵੇਗਾ।ਭਗਤ ਰਵਿਦਾਸ ਜੀ ਰਾਗ ਸੋਰਿਠ ਦੇ ਇਕ ਸ਼ਬਦ ਵਿਚ ਵਾਹਿਗੁਰੂ ਜੀ ਨੂੰ ਕਹਿੰਦੇ ਹਨ ਕਿ ਹੇ ਪ੍ਰਭੂ ਮੈਂ ਹੋਰ ਪਾਸਿਓ ਤੋੜ ਕੇ ਤੇਰੇ ਨਾਲ ਸਾਂਝ ਪਾਈ ਹੈ।ਕਿਰਪਾ ਕਰੀਂ ਹੁਣ ਤੂੰ ਸਾਡੇ ਨਾਲੋ ਨਾਹ ਤੋੜੀ।ਸਾਚੀ ਪ੍ਰੀਤ ਹਮ ਤੁਮ ਸਿa ਜੋਰੀ ॥ਤੁਮ ਸਿa ਜੋਰ ਅਵਰ ਸੰਗਿ ਤੋਰੀ॥   ਰਹਾਓ  ਦੀਆਂ ਪੰਗਤੀਆਂ ਵਿਚ ਇਕ ਤਰਲਾ ਲਿਆ ਹੈ ਜੋ ਇਸ ਪ੍ਰਕਾਰ ਹੈ। ਮਾਧਵੇ ਤੁਮ ਨ ਤੋਰਹੁ, ਤਉ ਹਮ ਨਹੀ ਤੋਰਹਿ॥ਤੁਮ ਸਿਉ ਤੋਰਿ, ਕਵਨੁ ਸਿਉ ਜੋਰਹਿ?॥ਇਹ ਸਚ ਹੈ ਕਿ ਗੁਰਮਤਿ ਗੁਰਬਾਣੀ ਅੰਦਰ ਪ੍ਰਭੂ ਦੀ ਪ੍ਰੀਤ ਹੀ ਪਰਮਾਤਮਾ ਦੀ ਪ੍ਰਾਪਤੀ ਦਾ ਵਸੀਲਾ ਦਰਸਾਇਆ ਹੈ।ਸਰਬੰਸ ਦਾਨੀ ਅੰ੍ਰਮਿਤ ਦੇ ਦਾਤੇ ਗੁਰੁ ਗੋਬਿੰਦ ਸਿੰਘ ਜੀ ਦੇ ਪਿਆਰੇ ਬਚਨ ਅਸੀ ਰੋਜ਼ ਨਿਤਨੇਮ ਦੀ ਬਾਣੀ ਵਿਚ ਪੜਦੇ ਹਾਂ ।ਸਾਚ ਕਹੂੰ ਸੁਣ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ।ਪ੍ਰੇਮ ਕਰਨ ਵਾਲਿਆ ਦੀ ਮੰਜਲ ਪ੍ਰਮਾਤਮਾ ਹੈ।ਜਿਨ੍ਹਾਂ ਦਾ ਪਿਆਰ ਉਸ ਸਾਂਈ ਨਾਲ ਬਣਿਆ aਹਨਾਂ ਨੇ ਇਸ ਦੀ ਸੰਭਾਲ ਕਿਵੈਂ ਕੀਤੀ ਹੈ?
            ਰਾਗ ਧਨਾਸਰੀ ਵਿਚ ਇਕ ਸ਼ਬਦ ਭਗਤ ਰਵਿਦਾਸ ਸਾਹਿਬ ਜੀ ਦਾ ਆਪ ਜੀ ਨਾਲ ਸਾਂਝਾ ਕਰਨਾਂ ਚਾਹੁੰਦਾ ਹਾਂ।ਜਿਸ ਦੀਆ ਰਹਾਓ ਦੀਆਂ ਪੰਗਤੀਆਂ ਵਿਚ ਭਗਤ ਜੀ ਨੇ ਪ੍ਰਮਾਤਮਾ ਅਗੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ ਹੈ;ਕਿ ਹੇ ਪ੍ਰਭੂ ਮੇਰਾ ਜੋ ਤੇਰੇ ਨਾਲ ਪਿਆਰ ਬਣਿਆ ਹੈ ਕਿਤੇ ਇਹ ਟੁਟ ਨਾ ਜਾਵੇ।ਮੈਨੂੰ ਇਸ ਗਲ ਦਾ ਬਹੁਤ ਵਡਾ ਡਰ ਹੈ, ਬਹੁਤ ਵਡਾ ਖਦਸ਼ਾ ਹੈ।ਮੂਲ ਪਾਠ ਇਸ ਤਰਾਂ੍ਹ ਹੈ ਜਿ।
ਮੇਰੀ ਪ੍ਰੀਤਿ ਗੋਬਿੰਦ ਸਿa ਜਿਨਿ ਘਟੈ॥ਮੈ ਤਉ ਮੋਲਿ ਮਹਗੀ ਲਈ ਜੀਅ ਸਟੈ॥ਰਹਾਓ।੬੯੪
    ਇਨ੍ਹਾਂ ਸਤਰਾਂ ਨੂੰ ਬੜੇ ਧਿਆਨ ਨਾਲ ਪੜ੍ਹਨ ਦੀ ਕ੍ਰਿਪਾ ਕਰਨੀ ਜੀ।ਜਿਵੈਂ ਘੱਰ ਵਿਚ ਕੋਈ ਮਹਿੰਗੇ ਭਾਅ ਦੀ ਖਰੀਦੀ ਚੀਜ਼ ਦੀ ਬਹੁਤ ਸੰਭਾਲ ਕੀਤੀ ਜਾਦੀਂ ਹੈ। ਬਿਲਕੁਲ ਭਗਤ ਜੀ ਭੀ ਇਸੇ ਢੰਗ ਨਾਲ ਵਾਹਿਗੁਰੂ ਜੀ ਨਾਲ ਬਣੇ ਪਿਆਰ ਦੀ ਸੰਭਾਲ ਕਰ ਰਹੇ ਹਨ ਜੀ।ਕਿਤੇ ਇਹ ਮੇਰਾ  ਪਿਆਰ ਘਟ ਨਾ ਜਾਵੇ ਟੁਟ ਨਾ ਜਾਵੇ।ਬਿਲਕੁਲ ਉਵੇਂ ਹੀ ਜਿਵੇਂ ਪੰਚਮ ਪਾਤਸ਼ਾਹਾ ਇਸੇ ਰਾਗ ਧਨਾਸਰੀ ਦੇ ਇਕ ਸ਼ਬਦ ਵਿਚ ਫੁਰਮਾਣ ਕਰਦੇ ਹਨ ।ਕਿਸੇ ਤਰੀਕੇ ਭੀ ਮੇਰੀ ਪ੍ਰੀਤੀ ਪ੍ਰਭੂ ਨਾਲੋਂ ਟੁਟਣੀ ਨਹੀ ਚਾਹੀਦੀ ਕਿਤਨਾ ਪਿਆਰਾ ਬਚਨ ਹੈ ਜੀ।
ਧਨਾਸਰੀ ਮਹਲਾ ੫॥
ਕਿਤੈ ਪ੍ਰਕਾਰਿ ਨ ਤੁਟਉ ਪ੍ਰੀਤਿ॥ ਦਾਸ ਤੇਰੇ ਕੀ ਨਿਰਮਲੁ ਰੀਤਿ॥ਰਹਾਉ॥੬੮੪॥
ਜੀਅ ਪਾ੍ਰਨ  ਮਨ ਧਨ ਤੇ ਪਿਆਰਾ॥ਹaੇਮੈ ਬੰਧਿ ਹਰ ਦੇਵਣ ਹਾਰਾ॥੧॥
ਚਰਨ ਕਮਲ ਸਿਉ ਲਾਗਉ ਨੇਹੁ॥ ਨਾਨਕ ਕੀ ਬੇਨੰਤੀ  ਏਹੁ॥੫੮।੬੮੪।
      ਭਗਤ ਰਵਿਦਾਸ ਜੀ ਦੇ ਇਨ੍ਹਾਂ ਬਚਨਾ ਨੁੰ ਦਿਲ ਦੀਆਂ ਡੁੰਗਾਈਆਂ ਤੋ ਵਾਚਨ ਦਾ ਜਤਨ ਕਰਨਾ ਜੀ।
ਆਓ ਇਸ ਹੀ ਸ਼ਬਦ ਦੀ ਵਿਚਾਰ ਨੂੰ ਸਮਝ ਕਿ ਅਪਨੇ ਅੰਦਰ ਭੀ ਇਕ ਐਸਾ ਪ੍ਰੇਮ ਪੈਦਾ ਕਰ ਸਕੀਐ ਜੀ॥
ਭਗਤ ਜੀ ਦੀ ਐਸੀ ਦਸ਼ਾ ਵੇਖ ਕੇ ਕੁਝ ਪ੍ਰੇਮੀ ਜਨ  ਕਹਿਣ ਲਗੇ ਭਗਤ ਜੀ  ਕੋਈ ਚਿੰਤਾਂ ਨਾ ਕਰੋ ਜੇਕਰ  ਕੋਈ ਇਵੈਂ ਦੀ ਗਲ ਹੋ ਗਈ ਤਾਂਅਸੀ ਸਾਰੇ ਜਨੇ ਮਿਲ ਕੇ ਕੁਝ ਮਾਇਆ ਇਕਠੀ ਕਰਕੇ ਤੁਹਾਨੂੰ ਦੇ ਦਿਆਗੇ ਆਪ ਜੀ ਫਿਰ ਦੁਬਾਰਾ ਪ੍ਰੀਤ ਖਰੀਦ ਲੈਣੀ।ਭਗਤ ਜੀ ਕਹਿਣ ਲਗੇ ਭਲਿਓ ਇਹ ਪ੍ਰੀਤ ਮੈ ਮਾਇਆ ਦੇ ਕੇ ਨਹੀ ਖਰੀਦੀ। ਭਗਤ ਜੀ ਆਪ ਜੀ ਨੇ ਇਸ ਪਿਆਰ ਦਾ ਫਿਰ ਕੀ ਮੁਲ ਤਾਰਿਆ ਹੈ।ਰਵਿਦਾਸ ਭਗਤ ਜੀ ਨੇ ਦਸਿਆ ਕਿ ਇਸ ਪ੍ਰੀਤ ਨੂੰ ਪ੍ਰਾਪਤ ਕਰਨ ਲਈ ਮੈ ਜੋ ਕੁਝ ਦਿਤਾ ਹੈ ਉਹ ਇਕੋ ਵਾਰ ਹੀ ਦੇ ਦਿਤਾ ਹੈ ਇਕ ਵਾਰ ਦੇਣ ਤੋਂ ਬਾਅਦ ਫਿਰ ਬੰਦੇ ਕੋਲ ਉਸ ਵਰਗੀ ਪੂੰਝੀ ਹੋਰ ਨਹੀ ਬਚਦੀ।ਜੇਕਰ ਬੰਦੇ ਕੋਲ ਹੋਰ ਪੂੰਝੀ ਹੋਵੇਗੀ ਹੀ ਨਹੀ ਤਾਂ ਫਿਰ ਉਹ ਇਹ ਵਸਤੂ ਹੋਰ ਕਿਵੇਂ ਖਰੀਦ ਸਕੇਗਾ?ਭਗਤ ਜੀ ਉਹ ਕਿਹੜਾ ਐਸਾ ਧਨ ਹੈ ਜੋ ਆਪ ਜੀ ਨੇ ਇਕ ਹੀ ਵਾਰ ਵਿਚ ਸਾਰਾ ਦੇ ਦਿਤਾ ਹੈ?ਭਗਤ ਜੀ ਕਹਿਣ ਲਗੇ ;ਮਨ;।ਇਹ ਸਾਉਦਾ ਸਿਰਫ ਤੇ ਸਿਰਫ ਮਨ ਦੇ ਬਦਲੇ ਵਿਚ ਹੀ ਮਿਲਦਾ ਹੈ।ਮਨ ਇਕ ਹੈ ।ਇਕ ਮਨ ਇਕੋ ਵਾਰ ਹੀ ਦਿਤਾ ਜਾਦਾਂ ਹੈ ਉਸਦੇ ਟੁਕੜੇ ਤਾਂ ਨਹੀ ਕੀਤੇ ਜਾ ਸਕਦੇ?।ਗਲ ਨੂੰ ਸਮਝਨ ਲਈ ਮੈ ਇਕ ਗਾਥਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾਂ ਹਾਂ।
              ਜਿਸ ਵਕਤ ਸ਼ੀ੍ਰ ਕ੍ਰਿਸ਼ਨ ਜੀ ਨੇ ਅਪਣੀ ਨਵੀਂ ਨਗਰੀ ਦੁਆਰਕਾ ਤਿਆਰ ਕਰਵਾ ਲਈ  ਤਾਂ ਮਥਰਾ ਨੂੰ ਛੱਡ ਕਿ ਦੁਵਾਰਕਾ ਜਾਣ ਲਗੇ ਤਾਂ ਮਥਰਾ ਦੀਆ ਗੋਪੀਆਂ ਸਭ ਤਿਆਰ ਹੋ ਕੇ ਆ ਗਈਆ। ਭਗਵਾਨ ਕ੍ਰਿਸ਼ਨ ਜੀ ਪੁਛਣ ਲਗੇ ਭਾਈ ਤੁਹਾਡੀ ਕਿਧਰ ਦੀ ਤਿਆਰੀ ਹੈ?ਗੋਪੀਆਂ ਨੇ ਕਿਹਾ ਅਸੀ ਭੀ ਆਪ ਜੀ ਨਾਲ ਮਥਰਾ ਹੀ ਜਾਵਾਂਗੀਆਂ।ਕਾਨ੍ਹ ਜੀ ਕਹਿਣ ਲਗੇ ਮੈ ਤਾਂ ਆਪ ਨੂੰ ਚਲਣ ਲਈ ਕਹਿਆ ਹੀ ਨਹੀ। ਤੁਸੀ ਇਥੇ ਰੁਕੋ ਮੈ ਦਵਾਰਕਾ ਪਹੁੰਚ ਕੇ ਤੁਹਾਡੇ ਲਈ ਸੰਦੇਸ਼ ਭੇਜਾਗਾ, ਉਧੋ ਜੀ ਛੱਡਨ ਲਈ ਗਏ । ਜਦ ਉਧੋ ਜੀ ਵਾਪਸ ਆਏ ਤਾਂ ਸਭ ਗੋਪੀਆਂ ਇਕਠੀਆ ਹੋਕੇ ਉਧੌ ਜੀ ਕੋਲ ਆਈਆਂ ਤਾਂ ਪੁਛਨ ਲਗੀਆਂ ਕਿ  ਕਾਹਨ ਜੀ ਨੇ ਸਾਡੇ ਲਈ ਕੀ ਸੰਦੇਸ ਭੇਜਿਆ ਹੈ? ਤਾਂ ਉਧੌ ਜੀ ਕਹਿਣ ਲਗੇ ਆਪ ਜੀ ਦੇ ਹਰੀ ਨੇ ਇਹ ਹੁਕਮ ਕੀਤਾ ਹੈ ਕਿ ਗੋਪੀਆਂ ਨੂੰ ਕਹਿਣਾ ਕਿ ਹੁਣ ਮੇਰੀ ਯਾਦ ਭੁਲਾ ਕੇ ਪ੍ਰਮਾਤਮਾ ਦਾ ਭਜਨ ਕਰਨ। ਤਾਂ ਉਸ ਸਮੇਂ ਸਾਰੀਆਂ ਗੋਪੀਆਂ ਯਕ ਅਵਾਜ਼ ਵਿਚ ਕਹਿਣ ਲਗੀਆਂ ਕਿਹੜੇ ਮਨ ਨਾਲ ਸਿਮਰਨ ਕਰੀਏ? ਸਾਡਾ ਮਨ ਤਾਂ ਹਰ ਵਕਤ ਉਹਨਾਂ ਦੇ ਚਰਨਾਂ ਵਿਚ ਰਹਿੰਦਾਂ ਹੈ ਕਿਵੇ ਪ੍ਰਭੂ ਨੂੰ ਸਿਮਰੀਐ?
       ਉਧੌ ਮਨ ਨਹੀ ਦਸ ਬੀਸ। ਇਕ ਮਨ ਸੀ, ਜੋ ਹਰ ਜੀ ਲੈ ਗe,ੇ ਕਉਣ ਭਜੇ ਜਗਦੀਸ਼।
ਕਹਿਣ ਤੋਂਭਾਵ ਬੰਦੇ ਦਾ ਮਨ ਤਾਂ ਇਕ ਹੀ ਹੈ।ਗੋਪੀਆਂ ਦਾ ਉਤਰ ਇਸ ਗਲ ਦੀ ਪੁਸ਼ਟੀ ਕਰਦਾ ਹੈ ਜੋ ਭਗਤ ਰਵਿਦਾਸ ਜੀ ਕਹਿ ਰਹੇ ਹਨ ਜੀ
ਜਿਸ ਵਕਤ ਭਗਤ ਜੀ ਦਾ ਇਹ ਉਤਰ ਸੁਣਿਆ ਕੇ ਮਨ ਦੇ ਕੇ ਪਰਮਾਤਮਾ ਦੀ ਪ੍ਰੀਤੀ ਖਰੀਦੀ ਜਾਦੀ ਹੈ ਤਾਂ ਜਗਿਆਸੂ ਜਨਾਂ ਨੇ ਇਸ ਗਲ ਦੀ ਪੁਸ਼ਟੀ ਲਈ। ਭਗਤ ਕਬੀਰ ਜੀ ਨੂੰ ਪੁਛਨਾ ਚਾਹਿਆ ਕਿ ਆਪ ਜੀ ਭੀ ਪ੍ਰਭੂ ਦੇ ਭਗਤ ਹੋ।ਕਿਰਪਾ ਕਰ ਕੇ ਇਹ ਦਸੋ ਕਿ ਆਪ ਜੀ ਨੇ ਪ੍ਰਭੂ ਦੀ ਪ੍ਰੀਤੀ ਕਿਵੇਂ ਪ੍ਰਾਪਤ ਕੀਤੀ ਹੈ।ਤਾਂ ਭਗਤ ਕਬੀਰ ਜੀ ਕਹਿਣ ਲਗੇ ਗੁਰਮੁਖੋ ਇਸ ਪ੍ਰੇਮ ਪਿਛੇ ਜੋ ਕੁਝ ਮੈ ਦਿਤਾ ਹੈ ਉਹ ਮੇਰੇ ਕੋਲੋ ਸੁਣ ਲਵੋ ।ਵਾਹਿਗੁਰੂ ਜੀ ਦੀ ਪਿਆਰ; ਪੈਸਾ, ਸੋਨਾ ,ਹੀਰੇ ਮੋਤੀ ਦੇ ਕੇ ਨਹੀ ਮਿਲਦਾ।
          ਕੰਚਨ ਸਿਉ ਪਾਈਐ ਨਹੀ ਤੋਲਿ॥ਮਨ ਦੇ ਰਾਮ ਲੀਆ ਹੈ ਮੋਲਿ॥        
ਜਿਸ ਸਮੇ ਭਗਤ ਕਬੀਰ ਜੀ ਨੇ ਇਤਨਾ ਬਚਨ ਕੀਤਾ ਤਾਂ ਜਗਿਆਸੂ ਜਨਾਂ ਦੇ ਸਾਹਮਣੇ ਭਗਤ ਫਰੀਦ ਜੀ ਦੇ ਬਚਨ ਆ ਗਏ ਜਿਸ ਨੂੰ ਪੜ੍ਹ ਕੇ ਇਹ ਪਤਾ ਲਗਾ ਕਿ ਇਕਲਾ ਮਨ ਹੀ ਨਹੀ ਭਗਤ ਜਨਾਂ ਨੇ ਅਪਣਾ ਤਨ ਤੇ ਮਨ ਭੀ ਅਰਪਨ ਕਰ ਦਿਤਾ ਹੈ।ਬਾਬਾ ਫਰੀਦ ਜੀ ਦਾ ਇਹ ਇਸ਼ਾਰਾ ਹੀ ਤਾਂ ਸੀ ਪਰੇਮ ਦੀ ਮੰਜਲ ਦੇ ਪਾਧੀਂਓ ਪ੍ਰਭੂ ਪਿਆਰ ਅਗੇ ਸਭ ਕੁਝ ਹੀ ਭੇਟ ਕਰ ਦੇਵੋ ਜੀ।
         ਉਹਨਾਂ ਦਸਿਆ ਕੇ ਇਕ ਦਿਨ ਦੀ ਗਲ ਹੈ ਕਿ ਮੈ ਤਿਆਰ ਹੋਇਆ ਕਿ ਮੁਰਸ਼ਦ ਨੂੰ ਮਿਲਿਆ ਜਾਵੇ। ਜਿਸ ਵਕਤ ਮੈ ਤਿਆਰ ਬਰ ਤਿਆਰ ਹੋ ਕਿ ਬਾਹਰ ਆਇਆ ਤਾਂ ਵੇਖਿਆ ਕਿ ਬਰਸਾਤ ਬੜੇ ਜੋਰ ਦੀ ਲਗ ਗਈ ਹੈ ।ਮੈਂ ਸੋਚਾਂ ਵਿਚ ਪੈ ਗਿਆ ਹੁਣ ਕੀ ਕੀਤਾ ਜਾਵੇ। ਜੇਕਰ ਜਾਂਦਾਂ ਹਾਂ ਤਾਂ ਸਾਰੇ ਕਪੜੇ ਭਿਜ ਜਾਣੇ  ਹਨ, ਹਥ ਪੈਰ ਚਿਕੜ ਨਾਲ ਭਰ ਜਾਣੇ ਹਨ।ਕੀ ਹੁਣ ਨਾ ਜਾਇਆ ਜਾਵੇ?ਫਿਰ ਸੋਚਾਂ ਕਿ ਜੇਕਰ ਨਹੀ ਜਾਦਾਂ, ਤਾਂ ਪਿਆਰ ਵਿਚ ਨਾਗਾ ਪੈਦਾਂ ਹੈ।ਫਿਰ ਮਨ ਵਿਚ ਆਈ ਮੁਰਸ਼ਦ ਦੇ ਪਿਆਰ ਨਾਲੋ ਕਪੜੇ ਚੰਗੇ ਨੇ? ਕੀ ਪ੍ਰੇਮੀ ਦੇ ਪਿਆਰ ਨਾਲੋ ਮੇਰਾ ਇਹ ਸਰੀਰ ਚੰਗਾਂ ਹੈ?ਫਿਰ ਸੋਚਿਆ ਕਿਪਿਆਰੇ ਦੇ ਪਿਆਰ ਤੋਂ ਤਾਂ ਸਭ ਕੁਝ ਕੁਰਬਾਣ ਕਰ ਦੇਣਾ ਚਾਹੀਦਾ ਹੈ।ਇਹ ਸੋਚ ਕਿ ਫਿਰ ਬਰਸਾਤ ਦੀ ਪਰਵਾਹ ਨਹੀ ਕੀਤੀ ਚਿਕੜ ਦੀ ਪਰਵਾਹ ਨਹੀ ਕੀਤੀ।ਅਸੀ ਪਿਆਰੇ ਨੂੰ ਮਿਲਨ ਲਈ ਚਲ ਪਏ।ਬਾਬਾ ਜੀ ਨੇ ਫਿਰ ਉਥ ੇਸਲੋਕ ਉਚਾਰਨ ਕੀਤਾ।ਜਿਸ ਦਾ ਮੂਲ ਰੂਪ ਇਹ ਹੈ ਜੀ।
ਫਰੀਦਾ, ਗਲੀਏ ਚਿਕੱੜ, ਦੂਰਿ ਘਰੁ ,ਨਾਲਿ ਪਿਆਰੇ ਨੇਹੁ॥
ਚਲਾਂ ,ਤਾ ਭਿਜੇ ਕੰਬਲੀ, ਰਹਾਂ, ਤਾ ਤੁਟੈ ਨੇਹੁ॥
        ਫਿਰ ਮਨ ਵਿਚ ਆਇਆ ਕਿ ਹਥ ਪੈਰ  ਤਾਂ ਪਾਣੀ ਨਾਲ ਧੁਪ ਜਾਣਗੇ ਕਪੜੇ ਭੀ ਦੁਬਾਰਾ ਸਾਫ ਸੁਥਰੇ ਹੋ ਜਾਣਗੇ । ਪਰ ਅਜ ਦਾ ਪਿਆਰ ਦਾ ਪਿਆ ਨਾਗਾ ਕਦੋਂ ਪੂਰਾ ਹੋਵੇਗਾ।ਇਹ  ਪਈ ਵਿਥ  ਫਿਰ ਪੂਰੀ ਨਹੀ ਕੀਤੀ ਜਾਣੀ।ਇਸ ਲਈ ਅਸੀ ਸਭ ਕੁਝ ਦੀ ਨਾਹ ਪਰਵਾਹ ਕਰਦੇ ਹੋਏ ਚਲ ਪਏ ਫਿਰ ਮੁਰਸ਼ਦ ਕੰਨੀ।ਆਹ ਬਚਨ ਫਿਰ ਪੜਦੇ ੨ ਜਾ ਪਿਆਰੇ ਨੂੰ ਗਲਵਕੜੀ ਪਾਈ।
ਭਿਜਓ ਸਿਜਓ ਕੰਬਲੀ ਅਲਹੁ ਵਰਸੈ ਮੇਹੁ॥
ਜਾਇ ਮਿਲਾ ਤਿਨਾਂ੍ਹ ਸਜਨਾ ਤੁਟੈ ਨਾਹੀ ਨੇਹੁ॥
ਗੁਰੁ ਰਾਮਦਾਸ ਜੀ ਦਾ ਭੀ ਇਸ ਸਬੰਧੀ ਕਿਤਨਾ ਪਿਆਰਾ ਬਚਨ ਹੈ ਜੀ।ਜੋ ਬਾਬਾ ਫਰੀਦ ਜੀ ਦੇ ਬਚਨਾਂ ਨਾਲ ਮੇਲ ਖਾਂਦਾਂ ਹੈ
  ਝਖੜ ਝਾਗੀ ਮੀਹ ਵਰਸੈ, ਭੀ ਗੁਰ ਦੇਖਨ ਜਾਈ॥
                        ਭਾਵ ਇਹ ਹੀ ਹੈ ਕਿ ਜਿਥੇ ਸੰਸਾਰੀ ਵਸਤੂਆ ਅਪਣੇ ਗੁਰੁ ਅਗੇ ਅਪਣੇ ਪਿਆਰੇ ਅਗੇ ਅਰਪਨ ਕਰਨੀਆਂ ਹਨ ਉਥੇ ਮਨ ਭੀ ਅਰਪਨ ਕਰਨਾ ਹੈ।ਗਲ ਤਾਂ aਦੋਂ ਬਨਣੀ ਹੈ ਜਦ ਮਨ ਅਰਪੋਗੇ।
 ਰਾਜੇ ਜਨਕ ਦੀ ਗਾਥਾ ਆਪ ਜੀ ਨੂੰ ਚੇਤੇ ਹੀ ਹੋਵੇਗੀ?ਚਲੋ ਮੈ ਆਪ ਜੀ ਨੂੰ ਸ੍ਰਵਨ ਕਰਵਾਉਦਾਂ ਹਾਂ ਜੀ।
      ਜਿਸ ਸਮੇਂ ਰਾਜੇ ਜਨਕ ਨੇ  ਗੁਰੂ ਧਾਰਨ ਕਰਨਾ ਸੀ ਤਾਂ ਸਭ ਵਿਦਵਾਨ ਪੰਡਤਾਂ ਨੂੰ  ਸਦਾ ਦਿਤਾ ਗਿਆ। ਇਲਕੇ ਦੇ ਸਿਆਨੇ ੨ ਪੰਡਤ ਸਭ ਰਾਜੇ ਦੇ ਸਦੇ ਤੇ ਪਹੁੰਚੇ। ਉਸ ਵਕਤ ਰਾਜੇ ਨੇ ਆਏ ਪੰਡਤਾਂ ਨੂੰ ਇਹ ਬਚਨ ਕੀਤਾ ਕਿ ਮੈ ਸਭ ਪੰਡਤਾਂ ਨੂੰ ਜੀ ਆਇਆ ਕਹਿੰਦਾਂ ਹਾਂ।ਮੈ ਆਪ ਸ਼ਭ ਵਿਚੋਂ ਇਕ ਨੂੰ ਅਪਣਾ ਗੁਰੂ ਧਾਰਨ ਕਰਨਾ ਚਾਹੁੰਦਾਂ ਹਾਂ।ਆਪ ਸਭ ਮੇਰੇ ਵਾਸਤੇ ਸਤਿਕਾਰ ਯੋਗ ਹੋ।ਮੇਰਾ ਗੁਰੂ ਉਹ ਪਡੰਤ ਹੋਵੇਗਾ ਜੋ ਮੈਨੂੰ ਘੋੜੇ ਤੇ ਚੜ੍ਹਨ ਲਗਿਆਂ ਹੀ ਗੁਰ ਉੋਪਦੇਸ਼ ਦੇ ਦੇਵੇ।ਬਸ ਮੇਰੀ ਇਹੋ ਹੀ ਸ਼ਰਤ ਹੈ। ਸਭ ਵਿਦਵਾਨ ਸੋਚਨ ਲਗ ਪਏ ਕਿ ਇਤਨੇ ਥੋੜੇ ਸਮੇ ਵਿਚ ਕਿਹੜਾ ਇਸਨੂੰ ਮੰਤ੍ਰ ਦਿਤਾ ਜਾਵੇ ਕਿ ਅਸੀ ਰਾਜੇ ਜਨਕ ਦੇ ਗੁਰੁ ਬਣ ਜਾਈਐ।ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਰਾਜੇ ਨੇ ਵੇਖਿਆ, ਕੇ ਕੋਈ ਵੀ ਪੰਡਤ, ਮੇਰੀ ਇਸ ਸ਼ਰਤ ਨੂੰ ਸੁਣ ਕ ੇਉਪਦੇਸ਼ ਦੇਣ ਲਈ ਨਹੀ ਉੋਠਿਆ।ਰਾਜੇ ਨੂੰ ਦੁਬਾਰਾ ਕਹਿਣਾ ਪਿਆ ਕਿ ਕੀ ਮੈ ਸਮਝ ਲਵਾਂ ਕਿ ਅੱਜ ਦੇ ਇਸ ਵਿਦਵਾਨਾ ਵਿਚੋਂ ਕੋਈ ਭੀ ਮੇਰਾ ਗੁਰੂ ਬਨਣ ਲਈ ਤਿਆਰ ਨਹੀ ਹੈ।ਤਾਂ ਥੋੜੇ ਸਮੇਂ ਬਾਅਦ ਇਕ ਪੰਡਤ ਜਿਸਦਾ ਨਾਮ ਅਸ਼ਟਾਵਕਰ ( ਜਿਸ ਦਾ ਸਰੀਰ ਵਿੰਗਾਂ ਟੇਡਾ ਜਿਹਾ ਸੀ ਭਾਵ ਅੱਠਵੱਲਾਂ ਵਾਲਾ ਸਰੀਰ) ਸੀ aੋਹ ਸਾ੍ਹਮਣੇ ਆ ਗਿਆ ਕਹਿਣ ਲਗਾ ਰਾਜਨ ਇਹ ਤੇਰੀ ਸ਼ਰਤ ਮੈ ਪੂਰੀ ਕਰਾਂਗਾ।ਸਾਰੇ ਵਿਦਵਾਨ ਪੰਡਤ ਉਸ ਵਲ ਵੇਖ ਕੇ ਹੱਸਣ ਲਗ ਪਏ ਕਿ ਇਹ ਬਣੇਗਾ ਰਾਜੇ ਜਨਕ ਦਾ ਗੁਰੂ ।
      ਰਾਜੇ ਜਨਕ ਨੇ ਅਸ਼ਟਾਵਕਰ ਨੂ;ੰ ਜੀ ਆਇਆਂ ਆਖਿਆ ।ਬੜੇ ਅਦਬ ਨਾਲ ਬਿਠਾਇਆ।ਰਾਜੇ ਨੇ ਦੁਬਾਰਾ ਅਪਣੀ ਸ਼ਰਤ ਅਸ਼ਟਾਵਕਰ ਨੂੰ ਦਸੀ ਕਿ ਪੰਡਤ ਜੀ ਮੇਰੀ ਇਹ ਗਲ ਧਿਆਨ ਨਾਲ ਸੁਣ ਲੈਣੀ ਕਿ ਮੈਂ ਘੋੜੇ ਦੀ ਪਲਾਕੀ ਮਾਰਨ ਦੇ ਸਮੇਂ ਵਿਚ ਗਿਆਨ ਪ੍ਰਾਪਤ ਕਰਨਾ ਚਾਹੁੰਦਾਂ ਹਾਂ।ਤਾਂ ਪੰਡਤ ਜੀ ਕਹਿਣ ਲਗੇ ਹਾਂ ਰਾਜਨ ਮੈ ਆਪ ਜੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਹੈ।ਆਪ ਜੀ ਦੀ ਸਾਰੀ ਸ਼ਰਤ ਮੈਨੂੰ ਮਨਜ਼ੂਰ ਹੈ ਜੀ।ਇਹ ਸਭ ਜਾਣ ਕੇ ਹੀ ਮੈ ਹਾਜ਼ਰ ਹੋਇਆ ਹਾਂ ਜੀ।
      ਇਸ ਸਾਰੀ ਗਲ ਬਾਤ ਤੋਂ ਬਾਅਦ ਰਾਜੇ ਨੇ ਫਿਰ ਆਏ ਪੰਡਤ ਦਾ ਧੰਨਵਾਦ ਕੀਤਾ ਕਿ ਆਪ ਜੀ ਮੈਨੂੰ ਗੁਰੁ ਵਾਲਾ ਬਣਾਉਨ ਲਈ ਆਏ ਹੋ; ਜੀ ਆਇਆਂ ਨੂੰ।ਰਾਜੇ ਨੇ ਘੋੜਾ ਮੰਗਵਾ ਲਿਆ ਤੇ ਕਹਿਣ ਲਗਾ ਪੰਡਤ ਜੀ ਫਿਰ ਕਾਰਵਾਈ ਸੁਰੂ ਕਰੀਏ।ਪੰਡਤ ਜੀ ਕਹਿਣ ਲਗੇ ;ਰਾਜਾ ਜੀ ;ਹਾਂ।ਜਿਸ ਵਕਤ ਰਾਜਾ ਜਨਕ ਘੋੜੇ ਤੇ ਚੜ੍ਹਨ ਲਈ ਰਕਾਬ ਵਿਚ ਪੈਰ ਰਖਿਆ ਤਾਂ ਪੰਡਤ ਜੀ ਕਹਿਣ ਲਗੇ ਹੇ ਰਾਜਨ ਅਜੇ ਤੱਕ ਨਹੀ। ਪਹਿਲਾਂ ਮੇਰੀ ਗਲ ਸੁਣੋ।ਮੈਂ ਤਾਂ ਆਪ ਜੀ ਨੂੰ ਘੋੜੇ ਤੇ ਚੜ੍ਹਨ ਤੋਂ ਪਹਿਲਾਂ ੨ ਉਪਦੇਸ਼ ਦੇ ਦੇਣਾ ਹੈ,ਆਪ ਉਪਦੇਸ਼ ਲੈ ਕੇ ਤੁਰੰਤ ਅਗੇ ਨਿਕਲ ਜਾਵੋਗੇ ਤੇ ਇਕ ਕੰਮ ਅਧੂਰਾ ਰਹਿ ਜਾਵੇਗਾ। ਰਾਜਾ ਪੁਛਣ ਲਗਾ ਉਹ ਕਿਹੜਾ? ਤਾਂ ਪੰਡਤ ਜੀ ਕਹਿਣ ਲਗੇ ਆਪ ਜੀ ਨੇ ਗੁਰੁ ਧਾਰਨ ਕਰਣਾ ਹੈ ਤੇ ਗੁਰੁ ਦਖਣਾ ਕਉਣ ਦੇਵੇਗਾ? ਜੋ ਮਰਿਆਦਾ ਅਨੁਸਾਰ ਗੁਰ ਦਖਣਾ ਪਹਿਲਾਂ ਹੋਣੀ ਚਹੀਦੀ ਹੈ। ਰਾਜਾ ਕਹਿਣ ਲਗਾ ਹਾਂ ਪੰਡਤ ਜੀ ਇਹ ਜਰੂਰੀ ਕੰਮ ਤਾਂ ਮੈ ਭੁਲ ਹੀ ਗਿਆ ਸੀ ।
         ਰਾਜੇ ਨੇ ਉਸੇ ਸਮੇ ਅਪਣੇ ਕੋਸ਼ਕਾਰ ਨੂੰ ਬੁਲਾਕੇ ਹੀਰੇ ਰਤਨਾਂ ਦਾ ਥਾਲ ਮੰਗਵਾਂ ਕੇ ਪੰਡਤ ਜੀ ਨੂੰ ਦੇਣਾ ਚਾਹਿਆ ਪਰ ਪੰਡਤ ਜੀ ਨੇ ਪ੍ਰਵਾਨ ਨਾ ਕੀਤਾ ਕਹਿਨ ਲਗਾ ਹੇ ਰਾਜਨ ਇਹ ਹੀਰੇ ਰੁਪਿਆ ਪੈਸੇ ਧੰਨ ਪਦਾਰਥ ਕੁਝ ਨਹੀ ਚਾਹੀਦਾ ਮੈਨੂੰ ਸਿਰਫ ਉਹ ਵਸਤੂ ਗੁਰ ਦਸ਼ਨਾ ਵਿਚ ਭੇਟ ਕਰੋ ਜੋ ਤੇਰੀ ਅਪਣੀ ਹੈ ਜੋ ਭੀ ਤੇਰੇ ਬਾਪ ਦਾਦੇ ਕੋਲੋ ਵਿਰਾਸਤ ਵਿਚ ਮਿਲਿਆ ਹੈ ਉਹ ਨਹੀ ਚਾਹੀਦਾ। ਰਾਜਾ ਸੋਚਨ ਲਗ ਪਿਆ ਫਿਰ ਮੇਰਾ ਕੀ ਹੋ ਸਕਦਾ ਹੈ।ਆਖਰਕਾਰ ਵਿਚਾਰਦਿਆ ੨ ਗਲ ਮਨ ਤੇ ਆ ਟਿਕੀ ।ਕਹਿਣ ਲਗਾ ਪੰਡਤ ਜੀ ਮੇਰਾ ਅਪਣਾ ਤਾਂ ਮਨ ਹੀ ਹੈ ਇਹ ਭੇਟ ਕਰਦਾ ਹਾਂ।ਪੰਡਤ ਜੀ ਕਹਿਣ ਲਗੇ ਠੀਕ ਹੈ ਰਾਜਨ ਤੇਰਾ ਮਨ ਭੇਟਾ ਵਜੋ ਮੈ ਪ੍ਰਵਾਨ ਕਰਦਾ ਹਾਂ ।ਤੈਨੂੰ ਇਹ ਪਤਾ ਹੈ ਜੋ ਵਸਤੂ ਦਾਨ ਕਰ ਦਿਤੀ ਜਾਵੇ ਉਸ ਤੇ ਦਾਨ ਕਰਨ ਵਾਲੇ ਦਾ ਕੋਈ ਅਧਿਕਾਰ ਨਹੀ ਰਹਿ ਜਾਦਾਂ। ਹਾਂ ਇਹ ਗਲ ਮੈ ਸਮਝਦਾ ਹਾਂ ਜੀ ਰਾਜੇ ਨੇ ਉਤਰ ਦਿਤਾ।ਪੰਡਤ ਜੀ ਕਹਿਣ ਲਗੇ ਇਹ ਮਨ ਜੋ ਮੈਨੂੰ ਆਪ ਅਰਪਣ ਕਰ ਚੁਕੇ ਹੋ ਇਹ ਮੇਰਾ ਹੋ ਗਿਆ ਹੈ।ਹਾਂਜੀ ਰਾਜੇ ਨੇ ਕਿਹਾ।
          ਪੰਡਤ ਜੀ ਕਹਿਣ ਲਗੇ ਹੇ ਰਾਜਨ ਆਪ ਜੀ ਹੁਣ ਘੋੜੇ ਦੀ ਸਵਾਰੀ ਕਰੋ ਆਪ ਨੂੰ ਗਿਆਨ ਦਿਤਾ ਜਾਵੇ।ਜਿਸ ਵਕਤ ਹੀ ਰਾਜੇ ਨੇ ਘੋੜੇ ਦੀ ਕਾਠੀ ਦੀ ਰਕਾਬ ਵਿਚ ਪੈਰ ਧਰਿਆ ਤਾਂ ਪੰਡਤ ਜੀ ਕਹਿਣ ਲਗੇ ਰਾਜਨ ਮੇਰਾ ਮਨ ਨਹੀ ਮੰਨਦਾ ਕਿ ਘੋੜੇ ਦੀ ਸਵਾਰੀ ਕੀਤੀ ਜਾਵੇ?। ਰਾਜੇ ਨੇ ਉਸੇ ਵੇਲੇ ਹੀ ਅਪਣਾ ਪੈਰ ਰਕਾਬ ਵਿਚੋ ਬਾਹਰ ਕੱਢ ਲਿਆ ।ਤੇ ਘੋੜਾ ਛੱਡ ਦਿਤਾ।ਇਤਨੇ ਸਮੈਂ ਵਿਚ ਹੀ ਰਾਜੇ ਨੂੰ ਗਿਆਨ ਹੋਗਿਆ।
ਹੁਣ ਸੋਚਨ ਵਾਲੀ ਇਹ ਗਲ ਹੈ; ਕਿਸ ਵਸਤੂ  ਦੇ ਭੇਟ ਕਰਨ  ਬਦਲੇ ਰਾਜੇ ਜਨਕ ਨੂੰ ਗੁਰ ਦੀਖਿਆ ਪ੍ਰਾਪਤ ਹੋਈ?  ਜਿਹੜੀ ਗੱਲ ਬਾਬਾ ਰਵਿਦਾਸ ਜੀ ਕਹਿ ਰਹੇ ਹਨ ।ਮਨ ਦੇ ਬਦਲੇ ਵਿਚ ਹੀ ਪ੍ਰਭੂ ਦਾ ਪਿਆਰ  ਮਿਲਦਾ ਹੈ ਜੀ।
         ਜਗਿਆਸੂ ਜਨਾਂ ਦੇ ਮਨ ਅੰਦਰ ਅਜੇ ਤੱਕ ਹੋਰ ਜਾਣਕਾਰੀ ਦੀ ਇਛਾ ਪ੍ਰਗਟ ਹੋਈ । ਗੁਰੁ ਅਰਜਨ ਦੇਵ ਜੀ ਕੋਲ ਚਲੇ ਗਏ।ਕਹਿਣ ਲਗੇ ਸਾਹਿਬ ਜੀ  ਅੱਜ ਅਸੀ ਇਕ ਮਸਲੇ  ਤੇ ਵਿਚਾਰ ਕਰ ਰਹੇ ਸੀ ਕਿ ਪ੍ਰਭੂ ਦੀ ਪਰੀਤੀ ਮਨ ਦੇ ਕੇ ਹੀ ਮਿਲਦੀ ਹੈ।ਭਗਤ ਰਵਿਦਾਸ ਜੀ ਤੋਂ ਗਲ ਸੁਰੂ ਹੋਈ ਸੀ ਉਹਨਾਂ ਤੇ ਇਹ ਕਿਹਾ ਕਿ ਮੈ ਮਨ ਦੇ ਵਟੇ ਵਿਚ ਪ੍ਰਭੂ ਪਿਆਰ ਪਾਇਆ ਹੈ ਜੀ। ਭਗਤ ਕਬੀਰ ਜੀ ਨੇ ਭੀ ਇਸੇ ਹੀ ਵਿਚਾਰ ਦੀ ਪੁਸ਼ਟੀ ਕੀਤੀ ਹੈ ਸਤਿਗੁਰੂ ਜੀ ਆਪ ਜੀ ਦਾ ਇਸ ਸਬੰਧੀ ਕੀ ਵਿਚਾਰ ਹੈ ਜੀ।ਗੁਰੁ ਸਾਹਿਬ ਜੀ ਉਹਨਾਂ ਦੇ ਇਸ ਸਵਾਲ ਨੂੰ ਸੁਣ ਕੇ ਕਹਿਣ ਲਗੇ ਹੇ ਸੰਮਨ ਮੂਸਨ ਭਾਈ ਪਤੰਗਾ ਤੇ ਜਮਾਲ ਜੀ ਜੋ ਅਪ ਨੇ ਸਵਾਲ ਦਾ ਉਤਰ ਲੈਣਾ ਹੈ।ਮੈ ਆਪ ਜੀ ਨੂੰ ਉਤਰ ਦੇਣ ਤੋਂ ਪਹਿਲਾ ਇਕ ਗਲ ਪੁਛਣੀ ਚਾਹੁੰਦਾ ਹਾਂ। 
   ਗੁਰੂ ਸਾਹਿਬ ਜੀ ਨੇ ਸੰਮਨ ਨੂੰ ਇਹ ਗਲ ਪੁਛੀ ਕਿ ਆਪ ਰਾਵਨ ਬਾਰੇ ਜਾਣਦੇ ਹੋ।ਸਮੰਨ ਕਹਿਣ ਲਗਾ ਮਹਾਰਾਜ ਰਾਵਨ ਦੇ ਸਬੰਧ ਵਿਚ ਤਾਂ ਬਚਾ ਬਚਾ ਜਣਦਾ ਹੈ।ਗੁਰੁ ਜੀ ਕਹਿਣ ਲਗੇ ਸੀਤਾ ਵਾਲੀ ਗਲ ਨਹੀ ਜਿਸ ਕਰਕੇ ਉਸਦੀ ਬਹੁਤ ਮਸ਼ਹੂਰੀ ਹੋਈ ਹੈ।ਮੈ ਉਸ ਦੇ ਰਾਜਗੀਰੀ ਦੀ ਗਲ ਕਰ ਰਿਹਾ ਹਾਂ।ਹਾਂ ਜੀ ਮਹਾਰਾਜ ਰਾਜ ਭਾਗ ਵਲੋ ਉਸ ਦਾ ਕਿਸਨੇ ਮੁਕਾਬਲਾ ਕਰਨਾ ਹੈ ਜਿਸਦੀ ਲੰਕਾ ਹੀ ਸੋਨੇ ਦੀ ਬਣੀ ਹੋਈੀ।
   ਬਸ ਮੈ ਇਹੋ ਹੀ ਗਲ ਆਪ ਨਾਲ ਕਰਨੀ ਚਾਹੁੰਦਾ ਸਾਂ ਕਿ ਜਿਸ ਮਨੁਖ ਦੀ ਰਿਹਾਇਸ਼ਗਾਹ ਬਾਰੇ ਇਹ ਚਰਚਾ ਹੋਵੇ ਕਿ ਸੋਨੇ ਦੇ ਮਹਿਲਾ ਵਿਚ ਰਹਿੰਦਾ ਹੈ ਉਹ ਬੰਦਾ ਗਰੀਬ ਤਾਂ ਨਹੀ ਹੋ ਸਕਦਾ?ਉਹ ਬਹੁਤ ਅਮੀਰ ਸੀ ਪਰ ਜਦੋਂ ਉਸ ਨੇ ਅਪਣੇ ਇਸ਼ਟ ਨੂੰ ਪ੍ਰਸਨ ਕੀਤਾ ਹੈ ਕੀ ਸੋਨਾ ਚਾਂਦੀ ਹੀਰੇ ਮੋਤੀ ਭੇਟ ਕਰਕੇ ਖੁਸ਼ ਕੀਤਾ ਹੈ?ਨਹੀ। ਉਸ ਨੇਅਪਨਾ  ਤਨ, ਮਨ , ਹੀ ਅਰਪਨ ਕੀਤਾ ਹੈ ਉਸਨੂੰ ਇਹ ਪਤਾ ਸੀ ਮੁਰਸ਼ਦ ਮਾਇਆ ਨਾਲ ਪਸ੍ਰੰਨ ਨਹੀ ਹੁੰਦੇ।ਇਸ ਲਈ ਉਸਨੇ ਅਪਣੀ ਕੁਰਬਾਨੀ ਦਿਤੀ ਅੋਰ ਇਕ ਵਾਰ ਨਹੀ ਦਸ ਵਾਰ ਅਪਣੇ ਪਿਆਰੇ ਨੂੰ ਵਾਰ ਵਾਰ ਸੀਸ ਭੇਟ ਕਰਕੇ ਹੀ ਖੁਸ਼ ਕਰਦਾ ਰਿਹਾ ਹੈ।ਗੁਰੁ ਸਾਹਿਬ ਜੀ ਨੇ ਇਸ ਬਚਨ ਨੂੰ ਬਾਣੀ ਵਿਚ ਇaੇ ਲਿਖਿਆ।
 ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੁ ਹੁਤੀ ਸਾਟ॥ਰਾਵਨ ਹੁਤੇ ਸੁ ਰੰਕ ਨਹਿ ਜਿਨ ਸਿਰ ਦੀਨੇ ਕਾਟਿ॥
    ਚਉਬੋਲੇ ਮਹਲਾ ੫(੧੩੬੩) ਅੰਗ  ॥
     ਇਹ ਪਾਵਨ ਵਿਚਾਰ ਸਿਖਾਂ ਦੇ ਮਨ ਵਿਚ ਬੈਠ ਗਈ ਤੇ ਭਗਤ ਰਵਦਾਸ ਜੀ ਨੂੰ ਪੁਛਣ ਲਗੇ,ਭਗਤ ਜੀ ਇਹ ਦਸੋ ਕਿ ਫਿਰ ਇਸ ਪ੍ਰੀਤਨੂੰ ਬਰਕਰਾਰ ਕਿਵੇਂ ਰੱਖ ਸਕਦੇ ਹਾਂ ਜੀ ।ਭਗਤ ਜੀ ਉਨ੍ਹਾਂ ਦੀ ਐਸੀ ਰੁਚੀ ਵੇਖ ਕੇ ਕਹਿਣ ਲਗੇ ,ਗੁਰਮੁਖੋ ਜੋ ਤਰੀਕਾ ਮੈ ਵਰਤੋਂ ਵਿਚ ਲਿਆਉਦਾਂ ਹਾਂ ਉਹੀ ਜੁਗਤੀ ਆਪ ਜੀ ਭੀ ਵਰਤ ਕੇ ਵੇਖ ਲਵੋ ਜੀ। ਸਿੱਖ ਕਹਿਣ ਲਗੇ ਮਹਾਰਾਜ ਆਪ ਜੀ ਅਪਣੀ ਜੁਗਤੀ ਸਾਨੂੰ ਦਸੋ ਜੀ।
      ਭਗਤ ਰਵਿਦਾਸ ਜੀ ਨੇ ਦਸਨਾਂ ਅਰੰਭ ਕੀਤਾ ਜਿਸ ਨਾਲ ਸਾਡਾ ਪਿਆਰ ਹੋਵੇ ਉਸਨੂੰ ਅਸੀ ਚੇਤੇ ਬਹੁਤ ਕਰਦੇ ਹਾਂ।ਜੇਕਰ ਰਬ ਨਾਲ ਭੀ ਪਿਆਰ ਬਣਿਆ ਹੈ ਤਾਂ ਉਸਨੂੰ ਚੇਤੇ ਕਰਨਾਂ ਸੁਰੂ ਕਰੋ। ਇਸ ਜੁਗਤੀ ਨੂੰ ਹੀ ਅਪਣੇ ਜੀਵਨ ਵਿਚ ਵਰਤ ਰਿਹਾ ਹਾਂ ਜੀ ਦੁਸਰੀ ਗਲ  ਮੈ ਉਸਨੂੰ ਹਰ ਸਮੇ ਅਪਣੇ ਆਸ ਪਾਸ ਵਸਦਾ ਤਕਦਾ ਹਾਂ ਜੀ।ਤੀਸਰੀ ਗਲ ਇਹ ਹੈ ਕਿ ਉਸਦਾ ਜਸ ਮੈ ਅਪਣੇ ਕੰਨਾਂ ਨਾਲ ਸੁਣਦਾਂ ਰਹਿੰਦਾਂ ਹਾਂ।ਸ਼ਬਦ ਦਾ ਪਹਿਲਾ ਪਦਾ ਹੈ ਜੀ।
ਚਿਤ ਸਿਮਰਨ ਕਰਉ ਨੈਨ ਅਵਲੋਕਨੋ ਸ਼ਰਵਨ ਬਾਣੀ ਸੁ ਜਸ ਪੂਰਿ ਰਾਖਉ॥
ਪਹਿਲੇ ਪਦੇ ਦੀ ਦੂਸਰੀ ਪੰਗਤੀ ਵਿਚ ਬਿਆਨ ਕਰਦੇ ਹਨ ਕਿ ਮੈ ਅਪਣੇ ਮਨ ਨੂੰ ਭੋਰਾ ਬਣਾ ਕੇ ਪ੍ਰਭੂ ਜੀ ਦੇ ਸੋਹਣੇ ਚਰਨਾਂ ਤੇ ਟਿਕਾ ਦਿਤਾ ਹੋਇਆ ਹੈ। ਅਤੇ ਅਪਣੀ ਜ਼ਬਾਨ ਨਾਲ ਪ੍ਰਭੂ ਦੀ ਉਸਤਤੀ ਹਰ ਵਕਤ ਉਚਾਰਦਾ ਰਹਿੰਦਾ ਹਾ। ਬਚਨ ਕੀਤਾ ਹੈ ਜੀ।
 ਮਨ ਸੁ ਮਧਕਰ ਕਰਉ, ਚਰਨ ਹਿਰਦੈ ਧਰਉ,ਰਸਨ ਅੰ੍ਿਰਮਤ ਰਾਮ ਨਾਮ ਭਾਖਉ।
    ਇਹ ਵਿਚਾਰ ਸੁਣ ਕੇ ਜਗਿਆਸੂਆਂ ਨੇ ਭਗਤ ਜੀ ਕਹਿਣ ਲਗੇ ਹੇ ਭਾਈ ਜਨੋ ਇਹ ਸੁਭਆ ਇਨਸਾਨ ਦਾ ਸਤਸੰਗਤ ਵਿਚ ਆਇਆਂ ਹੀ ਬਣਦਾ ਹੈ ਸੰਗਤ ਵਿਚ ਆaਣ ਤੋਂ ਬਿਨਾਂ ਇਹ ਅਵਸਥਾ ਨਹੀ ਬਣਦੀ ਬਚਨ ਪੁਛਨਾਂ ਸੁਰੂ ਕਰ ਦਿਤਾ ਕਿ ਭਗਤ ਜੀ ਇਹ ਦਸੋ ਕਿ ਆਪ ਜੀ ਦੀ ਇਹ ਪ੍ਰੀਤਿ ਬਣੀ ਕਿਵੇਂ।ਤਾਂ ਭਗਤ ਜੀ ਕਹਿਣ ਲਗੇ ਗਰੁਮੁਖੋ ਇਹ ਸਾਝ ਗੁਰੁ ਦੀ ਸੰਗਤ ਵਿਚ ਆਇਆ ਹੀ ਬਣਦੀ ਹੈ । ਗੁਰੁ ਦੀ ਸੰਗਤ ਤੋਂ ਬਿਨਾਂ ਇਹ ਰੰਗ ਨਹੀ ਬਣਦਾ।ਪਿਆਰ ਤੋਂ ਬਿਨਾਂ ਭਗਤੀ ਨਹੀ ਹੁੰਦੀ।ਇਕ ਦਿਖਾਵਾ ਜਰੂਰ ਹੋ ਸਕਦਾ ਹੈ।
   ਅਖੀਰ ਵਿਚ ਭਗਤ ਰਵਿਦਾਸ ਜੀ ਅਪਣੇ ਵਲੋਂ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਮੇਰਾ ਜੋ ਤੇਰੇ ਨਾਲ ਪਿਆਰ ਬਣਿਆ ਹੈ ਕਿਰਪਾ ਕਰੀ ਇਹ ਬਰਕਰਾਰ ਰਹਿ ਜਾਵੇ ਇਹ ਸਾਝ ਬਣੀ ਰਹੇ ਇਸ ਵਿਚ ਮੇਰਾ ਕੋਈ ਜੋਰ ਨਹੀ ਬਸ ਤੇਰੀ ਕਿਰਪਾ ਹੀ ਚਾਹੀਦੀ ਹੈ।
ਸਾਧ ਸੰਗਤ ਬਿਨਾਂ ਭਾa ਨਹੀ ਉਪਜੇ ਭਾਵ ਬਿਨੁ ਭਗਤ ਨਹੀ ਹੋਇ ਤੇਰੀ॥ 
ਕਹਿ ਰਵਿਦਾਸ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰ
ਬਸ ਐਸਾ ਕਿਤੇ ਪਿਆਰ ਬਣ ਜਾਵੇ ਤਾਂ ਸਮਝੌ ਜੀਵਨ ਸਫਲ ਹੋ ਗਿਆ । ਜੀਵਨ ਦਾ ਮਨੋਰਥ ਪੂਰਾ ਹੋ ਗਿਆ। ਮਾਲਕ ਦੀ ਕਿਰਪਾ ਹੋ ਗਈ।

"ਅਲਹ" ਸ਼ਬਦ ਦੀ ਸਮੀਖਿਆ

ਪੰਜਾਬੀ ਭਾਸ਼ਾ ਵਿਚ ਸ਼ਬਦਾਂ ਦੇ ਉਚਾਰਨ ਕਰਨ ਵਿਚ ਬਹੁਤ ਫਰਕ ਹੈ। ਇਹ ਫਰਕ ਕੁਝ ਥਾਂਵਾ ਦੇ ਫਰਕ ਦੇ ਅਧਾਰ ਤੇ ਕੁਝ ਬੋਲੀ ਦੇ ਅਧਾਰ 'ਤੇ ਕੁਝ ਉਚਾਰਨ ਦੇ ਅਧਾਰ 'ਤੇ ਅਤੇ ਕੁਝ ਬਣੇ ਸੁਭਾਅ ਦੇ ਸਦਕਾ ਮਿਲਦਾ ਹੈ। ਪਰ ਸ਼ਬਦ ਜਦੋਂ ਲਿਖਤ ਦੇ ਰੂਪ ਵਿਚ ਆਵੇ ਤਾਂ ਉਸਦੇ ਮੂਲ ਰੂਪ ਨੂੰ ਮੁਖ ਰੱਖ ਕੇ ਹੀ ਉਚਾਰਨ ਕਰਨਾ ਸਹੀ ਤਾਰੀਕਾ ਹੈ।
ਜਦੋ ਅਸੀਂ ਗੁਰਬਾਣੀ ਦਾ ਪਾਠ ਪਠਨ ਕਰਦੇ ਹਾਂ ਜਾਂ ਕੀਰਤਨ ਕਥਾ ਕਰਦੇ ਹਾਂ ਉਸ ਵਕਤ ਤਾਂ ਇਸ ਗਲ ਦਾ ਬਹੁਤ ਹੀ ਧਿਆਨ ਰਖਨ ਦੀ ਲੋੜ ਹੈ। ਜਿਵੇਂ ਸ਼ਬਦ “ਅਲਹ” ਹੈ, ਜਿਸ ਦੇ ਅਰਥ ਹਨ ਪ੍ਰਮਾਤਮਾ, ਵਾਹਿਗੁਰੂ, ਰਬ, ਗਾਢ। ਅਗੋਂ ਇਸਦਾ ਫਿਰ ਇਹ ਭਾਵ ਹੈ-ਸ਼ਕਤੀ, ਪਾਵਰ, ਨੂਰ, ਨਾ ਪਕੜ ਵਿਚ ਆਉਣ ਵਾਲਾ।
ਇਸਲਾਮ ਦੇ ਅੰਦਰ ਇਸ ਦਾ ਨਾਮ “ਅਲਹ” ਰਖਿਆ ਗਿਆ। “ਅਲਹ” ਦਾ ਅਰਥ “ਜੋ ਦੇਖਿਆ ਨਾ ਜਾਵੇ”। ਸਮਝਣ ਲਈ ਇਸਨੂੰ ਭੀ ਸੰਧੀ ਸ਼ੇਧ ਕਰਨਾ ਪਵੇਗਾ।ਜੋ ਇਸ ਤਰ੍ਹਾਂ ਬਣੇਗਾ ਅ+ਲਹ ਪੰਜਾਬੀ ਭਾਸ਼ਾ ਵਿਚ ਬਹੁਤ ਵਾਰ ਇਹ ਵੇਖਣ ਵਿਚ ਆਇਆ ਹੈ, ਜਿਸ ਸ਼ਬਦ ਦੇ ਅੱਗੇ ਅ-ਅਖਰ ਆ ਜਾਵੇ ਉਸ ਸਬਦ ਦਾ ਅਰਥ ਨਿਸ਼ੇਦ ਹੋ ਜਾਦਾਂ ਹੈ। ਜਿਵੇਂ ਸ਼ਬਦ ਗਿਆਨ ਹੈ, ਜਿਸ ਦਾ ਭਾਵ ਹੈ ਜਾਣਕਾਰੀ ਸਮਝ ਸੋਝੀ ਆਦਿ। ਪਰ ਜਦੋ ਹੀ ਗਿਆਨ ਦੇ ਅਗੇ “ਅ” ਆ ਲਗਦਾ ਹੈ ਤਾਂ ਉਹ ਹੀ ਸ਼ਬਦ ਨਿਸ਼ੇਦ ਹੋ ਗਿਆ। ਸ਼ਬਦ ਬਣ ਗਿਆ ਅਗਿਆਨ ਭਾਵ ਬੇ ਸਮਝ ਅਨਜਾਣ, ਨਾ ਜਾਣਕਾਰੀ। ਇਥੇ “ਲਹ” ਦਾ ਅਰਥ ਹੈ “ਦੇਖਨਾ” ਜੇ ਲਹ ਦੇ ਅਗੇ “ਅ” ਲਗ ਗਿਆ ਹੈ ਤਾਂ ਅਰਥ ਬਣ ਜਾਵੇਗਾ ਜੋ ਦੇਖਿਆ ਨਾ ਜਾਵੇ। ਰਬ ਹੈ ਹੀ ਐਸਾ ਜੋ ਵੇਖਿਆ ਨਹੀ ਜਾਂਦਾ। ਜੋ ਪਕੜ ਵਿਚ ਨਹੀਂ ਆਉਂਦਾ। ਜਿਸਦਾ ਕੋਈ ਰੰਗ ਰੂਪ ਨਹੀਂ, ਜੋ ਉਤਮ ਪੁਰਖ ਹੈ। ਇਸੇ ਤਰ੍ਹਾਂ ਕੁਝ ਹੋਰ ਭੀ ਸ਼ਬਦ ਹਨ ਜਿਵੇਂ ਅਕਾਲ, ਕਾਲ ਦਾ ਅਰਥ ਮੌਤ, ਅਕਾਲ ਜੋ ਮਰਦਾ ਨਹੀਂ। ਅਧਰਮੀ ਜਿਸਦਾ ਕੋਈ ਧਰਮ ਨਾ ਹੋਵੇ, ਧਰਮੀ ਧਰਮ ਨੂੰ ਧਾਰਨ ਕਰਨ ਵਾਲਾ। ਨੀਤ ਤੇ ਅਨੀਤ, ਨੀਤ ਨੀਤੀਵਾਨ, ਅਨੀਤ ਜਿਹੜਾ ਨੀਤੀ ਨਾ ਜਾਣਦਾ ਹੋਵੇ।
ਸ਼ਬਦ ਅਲਹ ਜਿਸਦੇ ਸਬੰਧ ਵਿਚ ਮੈਂ ਅੱਜ ਆਪ ਸਭ ਨਾਲ ਵਿਚਾਰ ਕਰਨੀ ਚਾਹੁੰਦਾਂ ਹਾਂ। ਗੁਰਬਾਣੀ ਵਿਚ ਇਹ ਸ਼ਬਦ ਪ੍ਰਮਾਤਮਾਂ ਦੇ ਸਬੰਧ ਵਿਚ ਬਹੁਤ ਵਾਰ ਆਇਆ ਹੈ ਔਰ ਤਿੰਨ ਰੂਪਾਂ ਵਿਚ ਆਇਆ ਹੈ। ਅਲਹ, ਅਲਹੁ ਅਲਹਿ। ਇਹ ਤਿਨਾਂ ਰੂਪਾਂ ਵਿਚ ਉਤਮ ਪੁਰਖ ਅਲ੍ਹਾ ਹੀ ਰਹਿਣਾ ਹੈ, ਇਸ ਨੂੰ ਅਲੋ ਜਾਂ ਅਲੇ ਨਹੀਂ ਪੜਿਆ ਜਾ ਸਕਦਾ।
ਜਿਵੇਂ ਗੁਰਬਾਣੀ ਵਿਚ ਹੀ ਅਸੀ ਸ਼ਬਦ ਨਾਨਕ ਪੜਦੇ ਹਾਂ, ਤੇ ਨਾਨਕ ਦੇ ਭੀ ਤਿਨੰ ਰੂਪ ਹਨ, ਪਹਿਲਾ ਨਾਨਕ, ਨਾਨਕੁ, ਫਿਰ ਨਾਨਕਿ ਇਨਾਂ ਤਿਨ੍ਹਾਂ ਹੀ ਰੂਪਾ ਵਿਚ ਅਸੀਂ ਸਾਰੇ ਇਸ ਸ਼ਬਦ ਨੂੰ ਨਾਨਕ ਹੀ ਪੜਦੇ ਹਾਂ। ਔਂਕੜ ਵਾਲੇ “ਨਾਨਕੁ” ਨੂੰ ਅਜ ਤੱਕ ਕਿਸੇ ਨੇ ਭੀ “ਨਾਨਕੋ” ਨਹੀਂ ਪੜਿਆ ਤੇ ਨਾ ਹੀ ਸਿਹਾਰੀ ਵਾਲੇ “ਨਾਨਕਿ” ਸ਼ਬਦ ਨੂੰ ਕਿਸੇ ਨੇ “ਨਾਨਕੇ” ਪੜਿਆ ਹੈ। ਪਰ ਔਂਕੜ ਵਾਲੇ “ਅਲਹੁ” ਸ਼ਬਦ ਨੂੰ ਅਲੋ ਤੇ ਸਿਹਾਰੀ ਵਾਲੇ “ਅਲਹਿ” ਸ਼ਬਦ ਨੂੰ ਅਲੇ ਕਿਉਂ ਪੜਿਆ ਜਾਂਦਾ ਹੈ?
ਕਿਉਂਕਿ ਵਾਹਿਗੁਰੂ ਜੀ ਉੱਤਮ ਪੁਰਖ ਹਨ। ਕਰਤਾ ਪੁਰਖ ਹਨ। ਸਭ ਤੋਂ ਵਡੇ ਹਨ। ਹਰ ਪਖੋਂ ਸਤਿਕਾਰ ਯੋਗ ਹਨ। ਇਸ ਕਰਕੇ ਕਾਵਿ ਰੂਪ ਵਿਚ ਆਏ ਉਸ ਦੇ “ਅਲਹੁ” ਸਰੂਪ ਨੂੰ “ਅਲੋ” ਪੜੀਐ ਜਾਂ “ਅਲਹਿ” ਵਾਲੇ ਸਰੂਪ “ਅਲੇ” ਪੜੀਐ, ਇਹ ਠੀਕ ਨਹੀਂ। ਪੰਜਾਬੀ ਵਿਆਕਰਣ ਨਾਲੋਂ ਗੁਰਬਾਣੀ ਵਿਆਕਰਣ ਵਖਰਾ ਹੈ। ਗੁਰਬਾਣੀ ਕਾਵਿ ਰੂਪ ਹੋਣ ਕਰਕੇ ਇਸਦੀਆਂ ਲਗਾਂ ਮਾਤਰਾਂ ਨੂੰ ਸਮਝਣਾ ਪਵੇਗਾ ਤਾਂ ਹੀ ਅਸੀ ਸ਼ੁਧ ਪਾਠ ਕਰ ਸਕਾਗੇ।
ਗੁਰਬਾਣੀ ਅੰਦਰ ਇਸੇ ਸਰੂਪ ਦੇ ਕੁਝ ਪ੍ਰਮਾਨ ਮੈਂ ਆਪ ਜੀ ਨਾਲ ਸਾਂਝੇ ਕਰਾਂ। ਜਿਸ ਵਕਤ ਆਪ ਜੀ ਧਿਆਨ ਦੇ ਕੇ ਇੰਨਾਂ ਪੰਕਤੀਆਂ ਨੂੰ –ਅਲਹਾ- ੳਚਾਰਨ ਕਰਕੇ ਪਾਠ ਕਰੋਗੇ ਤੇ ਆਪ ਜੀ ਨੂੰ ਭੀ ਇਕ ਵੱਖਰਾ ਲੁਤਫ ਆਵੇਗਾ।
ਬਾਬਾ ਅਲਹੁ ਅਗਮ ਅਪਾਰ॥ 53॥
ਕਲਿ ਮਹਿ ਬੇਦੁ ਅਥਰਬਣ ਹੋਆ, ਨਾਉ ਖੁਦਾਈ ਅਲਹੁ ਭਇਆ।॥470॥ ਆਸਾ ਜੀ ਦੀ ਵਾਰ॥
ਰੋਜ਼ਾ ਧਰੈ ਮਨਾਵੈ ਅਲਹੁ, ਸੁਆਦਤਿ ਜੀਅ ਸੰਘਾਰੈ॥ ਕਬੀਰ ਜੀ 483॥ਆਸਾ॥
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ॥ ਫਰੀਦ ਜੀ 794॥ ਰਾਗ ਸੂਹੀ॥
ਕਹੁ ਨਾਨਕ ਗੁਰ ਖੋਇ ਭਰਮ॥ ਏਕੋ ਅਲਹੁ ਪਾਰਬ੍ਰਹਮ॥ 897॥ਰਾਮਕਲੀ ਰਾਗ॥
ਏਕ ਗੁਸਾਈ ਅਲਹੁ ਮੇਰਾ॥ 1136 ਭੈਰਉ॥
ਅਲਹੁ ਨ ਵਿਸਰੈ ਦਿਲ ਜੀਅ ਪਰਾਨ॥1138॥ ਭੈਰਉ॥
ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ॥1192॥
ਅਲਹੁ ਏਕ ਮਸੀਤਿ ਬਸਤੁ ਹੈ, ਅਵਰ ਮੁਲਖ ਕਿਸ ਕੇਰਾ॥1350
ਗੁਰੂ ਸਭ ਨੂੰ ਸੁਮਤ ਬਖਸ਼ਨ ਜੀ। ਆਪ ਜੀ ਅਪਣੇ ਵੀਚਾਰ ਭੀ ਦਸਣ ਦੀ ਕਿਰਪਾ ਕਰਨੀ ਜੀ। 

"ਵਜ਼ੀਰ" ਸ਼ਬਦ ਦੀ ਸਮੀਖਿਆ

ਸਿੱਖ ਧਰਮ ਵਿਚ ਗੁਰਦੁਆਰੇ ਦੇ ਵਿੱਚ ਗ੍ਰੰਥੀ ਦੀ ਸੇਵਾ ਕਰਨ ਵਾਲੇ ਸੱਜਣ ਨੂੰ ਆਮ ਕਰਕੇ ਕਈ ਮੇਰੇ ਵੀਰ ਸਤਿਕਾਰ ਦੇਣ ਲਈ "ਵਜ਼ੀਰ" ਦਾ ਰੁਤਬਾ ਦੇ ਕੇ ਬੁਲਾਦੇਂ ਹਨ। ਕਿਸੇ ਨੂੰ ਅਦਬ ਦੇਣਾ ਜਾਂ ਸਤਿਕਾਰ ਦੇਣਾ ਬਹੁਤ ਚੰਗੀ ਗਲ ਹੈ। ਸਿੱਖ ਧਰਮ ਹਰ ਇਕ ਦਾ ਅਦਬ ਕਰਨਾ ਤੇ ਪਿਆਰ ਦੇਣਾ ਸਿਖਾਉਂਦਾ ਹੈ। ਪਰ ਇੱਕ ਗਲ ਜਰੂਰ ਚੇਤੇ ਵਿਚ ਰਖਨੀ ਚਾਹੀਦੀ ਹੈ ਕਿ ਇਕ ਦਾ ਸਤਿਕਾਰ ਕਰਦਿਆਂ ਕਿਤੇ ਅਸੀਂ ਦੁਸਰੇ ਦੀ ਨਿੰਦਾਂ ਤਾਂ ਨਹੀਂ ਕਰੀ ਜਾ ਰਹੇ।ਇਸ ਗਲ ਦਾ ਸਾਨੂੰ ਜਰੂਰ ਧਿਆਨ ਰਖਨਾ ਪਵੇਗਾ । ਅੱਜ ਦਾ ਸ਼ਬਦ ਮੈਂ ਆਪ ਜੀ ਨਾਲ ਜੋ ਸਾਂਝਾਂ ਕਰਨਾ ਚਾਹੁੰਦਾਂ ਹਾਂ, ਉਹ ਸ਼ਬਦ "ਵਜ਼ੀਰ" ਹੈ।
ਹੁਣ ਅਸਾਂ ਇਹ ਵਿਚਾਰਨਾਂ ਹੈ, ਕਿ "ਵਜ਼ੀਰ" ਸ਼ਬਦ ਦੇ ਅਰਥ ਕੀ ਹਨ
ਕਿਸੇ ਰਾਜੇ ਦੇ ਸਲਾਹਕਾਰ ਨੂੰ ਸਿਆਣੇ ਲੋਕ ਵਜੀਰ ਕਿਹਾ ਕਰਦੇ ਸਨ, ਜੋ ਰਾਜੇ ਨੂੰ ਸਮੇਂ 2 ਸਲਾਹ ਮਸ਼ਵਰਾ ਦਿਆ ਕਰਦਾ ਸੀ, ਇਸ ਨੂੰ ਇਕ ਹੋਰ ਭੀ ਨਾਮ ਦਿਤਾ ਜਾਂਦਾ ਸੀ ਉਹ ਨਾਮ ਮੰਤ੍ਰੀ ਸੀ। ਇਹ ਸਲਾਹ ਦੇਣ ਵਾਲੇ ਇਕ ਨਹੀਂ ਸਗੋਂ ਇਨ੍ਹਾਂ ਦੀ ਗਿਣਤੀ ਚਾਰ ਜਾਂ ਪੰਜ ਭੀ ਹੋਇਆ ਕਰਦੀ ਸੀ। ਰਾਜਾ ਜਾਂ ਬਾਦਸ਼ਾਹ ਇਕ ਦੀ ਸਲਾਹ ਤੇ ਨਹੀਂ ਸੀ ਰਹਿੰਦਾਂ ਬਹੁਤੇ ਮੰਤ੍ਰੀਆਂ ਦੀ ਸਲਾਹ ਲੈ ਕੇ ਹੀ ਕੋਈ ਫੈਸਲਾ ਕਰਿਆ ਕਰਦਾ ਸੀ। ਆਪ ਅਪਣਾ ਦਿਮਾਗ ਘੱਟ ਹੀ ਵਰਤਦਾ ਸੀ। ਜਾਂ ਰਾਜੇ ਨੂੰ ਰਾਜ ਭਾਗ ਚਲਾਉਣ ਲਈ ਵਜੀਰਾਂ ਮੰਤ੍ਰੀਆਂ ਦੇ ਸਹਾਰੇ ਦੀ ਲੋੜ ਸੀ। ਕਈਆਂ ਰਾਜਿਆਂ ਦੇ ਰਾਜ ਸਿਆਣੇ ਵਜੀਰਾਂ ਦੀ ਘਾਟ ਦਾ ਸਦਕਾ ਜਿਆਦਾ ਸਮਾਂ ਨਾ ਚਲ ਸਕੇ। ਜਾਂ ਓਨ੍ਹਾਂ ਦੀ ਪਰਜਾ ਸੰਤੁਸ਼ਟੀ ਅਪਣੇ ਰਾਜੇ ਕੋਲੋ ਨਹੀਂ ਸੀ ਹੁੰਦੀ। ਇਸ ਲਈ ਰਾਜ ਭਾਗ ਅੰਦਰ ਬਗਾਵਤਾਂ ਲੜਾਈ ਝਗੜੇ ਆਦਿ ਹੁੰਦੇ ਰਹਿੰਦੇ ਸਨ। ਇਸੇ ਲਈ ਰਾਜਿਆਂ ਨੂੰ ਸਿਆਣੇ 2 ਵਜ਼ੀਰਾਂ ਦੀ ਲੋੜ ਪਈ ਹੀ ਰਹਿੰਦੀ ਸੀ। ਅਕਬਰ ਦੇ ਸਮੈਂ ਵਿਚ ਬੀਰਬਲ ਦਾ ਨਾਮ ਜਹਾਂਗੀਰ ਸ਼ਾਹਜਹਾਂ ਦੇ ਵੇਲੇ ਵਜ਼ੀਰ, ਵਜ਼ੀਰਖਾਨ ਦਾ ਨਾਮ ਕਾਫੀ ਪ੍ਰਚਲਤ ਰਿਹਾ ਹੈ।
ਹੁਣ ਅਸੀਂ ਇਹ ਸੋਚੀਏ ਕਿ, ਕੀ ਸਾਡੇ ਗੁਰੁ ਸਾਹਿਬਾਨਾਂ ਨੂੰ ਭੀ ਕਦੇ ਕਿਸੇ ਮਸ਼ਵਰੇ ਲਈ ਕਿਸੇ ਮੰਤ੍ਰੀ ਜਾਂ ਵਜ਼ੀਰ ਦੀ ਕਦੇ ਲੋੜ ਪਈ ਹੈ? ਜਾਂ ਕਿਤੇ ਇਤਿਹਾਸ ਵਿਚ ਜਿਕਰ ਆਉਂਦਾ ਹੈ ਕਿ ਇਹ ਸਿੱਖ ਗੁਰੁ ਦੇ ਸਮੇਂ ਸਮੇਂ ਵਜ਼ੀਰ ਜਾਂ ਮੰਤਰੀ ਰਹੇ ਹਨ? ਨਹੀਂ ਐਸਾ ਕਿਤੇ ਭੀ ਲਿਖਤ ਜਾਂ ਸੁਨਣ ਪੜ੍ਹਨ ਵਿਚ ਨਹੀਂ ਆਉਂਦਾ।
ਜਦੋਂ ਅਸੀ ਪ੍ਰਮਾਤਮਾਂ ਬਾਰੇ ਬਾਣੀ ਵਿਚ ਇਹ ਪੜਦੇ ਹਾਂ, ਕਿ ਪ੍ਰਭੂ ਦੇ ਕੰਮ ਅਪਣੇ ਕੰਮ ਹਨ, ਉਹ ਅਪਣੇ ਕੰਮਾਂ ਲਈ ਕਦੀ ਭੀ ਕਿਸੇ ਪਾਸੋਂ ਸਲਾਹ ਨਹੀਂ ਪੁਛਦਾ, ਜੋ ਕੁਝ ਭੀ ਕਰਦਾ ਹੈ ਅਪਣੀ ਮਰਜੀ ਨਾਲ ਕਰਦਾ ਹੈ। ਪ੍ਰਮਾਣ ਹਾਜ਼ਰ ਹੈ:
ਬੀਓ ਪੂਛਿ ਨ ਮਸਲਤਿ ਧਰੈ। ਜੋ ਕਿਛੁ ਕਰੈ ਸੁ ਆਪਹਿ ਕਰੈ। ਗੋਂਡ ਮ.5 (863)
ਅਤੇ ਇਹ ਭੀ ਪੜਦੇ ਹਾਂ ਕਿ ਉਹ ਮਾਲਕ ਭੀ ਆਪ ਹੀ ਹੈ ਤੇ ਵਜ਼ੀਰ ਭੀ ਆਪ ਹੈ। ਇਸ ਸਬੰਧੀ ਇਹ ਪਾਵਨ ਪੰਗਤੀ ਸਭ ਨੂੰ ਚੇਤੇ ਹੋਵੇਗੀ।
ਆਪੇ ਸਾਹਿਬੁ ਆਪਿ ਵਜੀਰੁ॥ ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰੁ॥.. ਗਾੳੜੀ ਮ:3॥
ਰਾਗ ਸੋਰਿਠ ਵਿਚ ਗੁਰੂ ਅਰਜਨ ਸਾਹਿਬ ਜੀ ਫੁਰਮਾਨ ਕਰਦੇ ਹਨ ਹੇ ਪ੍ਰਭੂ ਤੂੰ ਅਪਣਾ ਆਪ ਹੀ ਸਲਾਹਕਾਰ ਹੈਂ। ਹਰੇਕ ਜੀਵ ਨੂੰ ਦਾਤਾ ਦੇਣ ਵਾਲਾ ਹੈਂ। ਤੂੰ ਆਪ ਹੀ ਸਭ ਜੀਵਾਂ ਵਿਚ ਬੈਠਾ ਪਦਾਰਥਾ ਨੂੰ ਭੋਗਣ ਵਾਲਾ ਹੈ। ਇਸ ਜੀਵ ਦੀ ਕੋਈ ਪਾਇਆ ਨਹੀਂ। ਪੰਨਾਂ 625 ਤੇ ਕਿਤਨਾ ਸੁੰਦਰ ਲਿਖਿਆ ਮਿਲਦਾ ਹੈ।
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭ ਕਿਛੁ ਕਰਣੈਹਾਰਾ ॥
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥
ਪਿਛੇ ਜਿਹੇ ਇਕ ਸਕੂਲ ਪੜ੍ਹਦੀ ਬਚੀ ਨੇ ਇਹ ਸਵਾਲ ਪੈਦਾ ਕੀਤਾ ਸੀ ਕਿ ਮਹਾਤਮਾਂ ਗਂਾਧੀ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਕਦੋਂ ਦਿਤਾ ਗਿਆ, ਕਿਥੇ ਦਿਤਾ ਗਿਆ, ਕਿਸ ਨੇ ਦਿਤਾ ਇਸਦਾ ਉਤਰ ਉਸ ਬਚੀ ਨੂੰ ਨਹੀਂ ਮਿਲ ਸਕਿਆ। ਜੇਕਰ ਸਾਨੂੰ ਸਿੱਖ ਧਰਮ ਨਾਲ ਸਬੰਧ ਰਖਨ ਵਾਲਿਆਂ ਨੂੰ ਕੋਈ ਇਹ ਪੁਛੇ ਕਿ ਆਪ ਜੀ ਦੇਗੁਰੂ ਘਰ ਦੇ ਗ੍ਰੰਥੀ ਸਿਘ ਨੂੰ ਇਹ ਵਜ਼ੀਰ ਵਾਲਾ ਲਕਬ ਕਿਸ ਨੇ, ਕਦੋਂ ਅਤੇ ਕਿਥੇ ਦਿਤਾ ਤਾਂ ਇਸ ਦਾ ਉਤਰ ਕੀ ਦੇ ਸਕਦੇ ਹਾਂ?
ਅਸਲ ਵਿਚ ਪ੍ਰਭੂ ਪ੍ਰਮਾਤਮਾ ਇੱਕ ਐਸੀ ਹਸਤੀ ਹੈ, ਜਿਸ ਨੂੰ ਕਿਸੇ ਮੰਤ੍ਰੀ ਜਾਂ ਵਜ਼ੀਰ ਦੀ ਕੋਈ ਲੋੜ ਨਹੀਂ। ਅਸੀਂ ਸਾਰੇ ਗੁਰੂ ਦੇ ਸੇਵਾਦਾਰ ਹਾਂ, ਗ੍ਰੰਥੀ ਹਾਂ ਪ੍ਰਚਾਰਕ ਜਾਂ ਰਾਗੀ ਕੀਰਤਨੀਏ ਹਾਂ। ਮੇਰਾ ਸਾਹਿਬ ਬਹੁਤ ਵਡਾ ਹੈ, ਜਿਸ ਦੀ ਵਡਿਤੱਨ ਬਾਰੇ ਕੋਈ ਭੀ ਨਹੀਂ ਜਾਣ ਸਕਦਾ, ਉਸਦਾ ਵਜ਼ੀਰ ਕੌਣ ਬਣੇਗਾ। ਫਿਰ ਸਾਡੇ ਗੁਰੁ ਸ਼ਬਦ ਗੁਰੁ ਗ੍ਰੰਥ ਸਾਹਿਬ ਜੀ ਹਨ ਜੋ ਉਸ ਨਿੰਰਕਾਰ ਦਾ ਹੀ ਰੂਪ ਹਨ ਤੇ ਬਾਣੀ ਭੀ ਇਹੋ ਹੀ ਕਹਿੰਦੀ ਹੈ ਗੁਰੂ ਤੇ ਪ੍ਰਮੇਸ਼ਰ ਵਿਚ ਕੋਈ ਅੰਤਰ ਨਹੀਂ ਫਰਮਾਣ ਹੈ॥
ਗੁਰੁ ਪ੍ਰਮੇਸ਼ਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ॥ ਗੋਂਡ ਮ; 5 (864)
ਫਿਰ ਪ੍ਰਮੇਸ਼ਰ ਦਾ ਕੋਈ ਵਜ਼ੀਰ ਨਹੀਂ ਹੋ ਸਕਦਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਭੀ ਕੋਈ ਵਜ਼ੀਰ ਨਹੀਂ ਹੋ ਸਕਦਾ। ਭਾਈ ਬਣੋ, ਸੇਵਾਦਾਰ ਬਣੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
ਮਨ ਦੇ ਖਿਆਲ ਆਏ ਲਿਖ ਦਿਤੇ ਹਨ। ਭੁੱਲ ਚੁੱਕ ਖਿਮਾਂ ਕਰ ਦੇਣੀ ਅਪਣੀ ਰਾਏ ਜਰੂਰ ਲਿਖਣੀ ਜੀ।

04 November, 2013

ਚੂੰਨੀ ਮੰਡੀ ਸ਼ਬਦ ਦੀ ਸਮੀਖਿਆ


ਧੰਨੁ ਧੰਨੁ ਰਾਮ ਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ॥
 ਇਹ ਪਾਵਨ ਬਚਨ ਸਤੇ ਬਲਵੰਡ ਦੀ ਵਾਰ ਵਿੱਚ ਗੁਰੂ ਰਾਮ ਦਾਸ ਸਾਹਿਬ ਜੀ ਦੀ ਉਪਮਾ ਸਬੰਧੀ ਉਚਾਰਨ ਕੀਤੇ ਹੋਏ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੯੬੮ ਤੇ ਸ਼ਸ਼ੋਬਿਤ ਹਨ।ਗੁਰੂ ਰਾਮ ਦਾਸ ਜੀ ਗੁਰ ਪ੍ਰਨਾਲੀ ਵਿੱਚ ਚਾਉਥੇ ਥਾਂ ਤੇ ਆਉਦੇ ਹਨ।ਜਿਨਾਂ੍ਹ ਦਾ ਆਗਮਨ ਬਾਬਾ ਹਰਦਾਸ ਜੀ  ਅਤੇ ਮਾਤਾ ਦਯਾ ਕੌਰ ਦੀ ਕੁਖੋਂ ਬਿਕਰਮੀ ਸੰਮਤ ੧੫੯੧ ਈ: ਸੰਨ ੧੫੩੪ ਨੂੰ ਲਹੋਰ ਸ਼ਹਿਰ ਦੇ ਚੂੰਨੀ ਮੰਡੀ ਬਜ਼ਾਰ ਵਿੱਚ ਹੋਇਆ।
  ਇਸ ਚੂੰਨੀ ਮੰਡੀ ਜਿਥੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਨੂੰ ਮੇਰੇ ਪਿਆਰੇ ਲੇਖਕਾਂ ਨੇ ਚੂੰਨਾਂ ਮੰਡੀ ਲਹੋਰ ਲਿਖਿਆ ਹੈ।ਜੋ ਕਿ ਇਕ ਬਹੁਤ ਵੱਡੀ ਇਤਿਹਾਸਕਿ ਗਲਤੀ ਹੈ। ਜਿਸਨੂੰ ਸੁਧਾਰਨ ਦਾ ਕਿਸੇ ਨੇ ਯਤਨ ਹੀ ਨਹੀ ਕੀਤਾ।ਮੇਰ ਪਿਆਰੇ ਪ੍ਰਚਾਰਕਾਂ ਕਥਾਵਾਚਕਾ ਨੇ ਭੀ  ਇਸੇ ਹੀ ਗੱਲ ਨੂੰ ਪ੍ਰਚਾਰਿਆ ਤੇ ਪਰਸਾਰਿਆ ਹੈ।ਹੁਣ ਤੱਕ ਇਹੋ ਹੀ ਬਚਨ ਸੰਗਤਾਂ ਵਿੱਚ ਪ੍ਰਚਲਤ ਕੀਤਾ ਹੋਇਆ ਹੈ।ਪਰ ਸਹੀ ਨਾਮ ਨੂੰ ਸੰਗਤਾਂ ਵਿੱਚ ਪ੍ਰਚਾਰਨ ਦਾ ਕਿਸੇ ਨੇ ਯਤਨ ਹੀ ਨਹੀ ਕੀਤਾ। ਜਦੋਂ ਕਿ ਮੁਹਲੇ ਦਾ ਸਹੀ ਤੇ ਠੀਕ ਨਾਮ ਚੂਨੀ ਮੰਡੀ ਹੈ। ਇਸ ਸਬੰਧੀ ਅੱਜ ਆਪ ਜੀ ਨਾਲ ਵਿਚਾਰ ਸਾਝੇ ਕਰਨੇ ਹਨ ।
     ਪ੍ਰਸਿਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਜਿਨਾਂ੍ਹ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾਗ੍ਰੰਥ ਲਿਖੇ ਹਨ। ਤਿੰਨਾਂ੍ਹ ਨੇ ਗੁਰੂ ਸਾਹਿਬ ਜੀ ਦੇ ਜਨਮ ਅਸਥਾਨ ਦਾ ਨਾਮ ਅਪਣੇ ਗ੍ਰੰਥਾਂ ਵਿੱਚ ਚੂੰਨੀ ਮੰਡੀ ਹੀ ਲਿਖਿਆ ਹੀ ਤਵਾਰੀਖ ਦੇ ਲਿਖੇ ਹੋਏ ਸ਼ਬਦ ,ਏਹ ਗੁਰੂ{ ਪਾ: ੪ ਅਵਤਾਰ ਤੇ ਮਾਤਾ ਪਿਤਾ) ਵੀਹ ਕਤਕ ਵਦੀ ੨ ਸੰਮਤ ੧੫੯੧ ਅਤੇ ੧੫੩੪ ਈਸਵੀ ਅਤੇ ੬੭ ਨਾਨਕ ਸ਼ਾਹੀ ਵਿੱਚ ਵੀਰਵਾਰ ਚਾਰ ਘੜੀ ਦਿਨ ਚੜ੍ਹੇ ਹਿਮਾਯੂੰ  ਬਾਦਸ਼ਾਹ ਦੇ ਵਕਤ ਹਰਦਾਸ ਮਲ ਸੋਢੀ ਦੇ ਘਰ ਮਾਈ ਦਯਾ ਕੌਰ ਦੀ ਕੁਖੌਂ ਲਹੋਰ  ਚੂੰਨੀ ਮੰਡੀ ਵਿਖੇ ਪ੍ਰਗਟੇ ਤਵਾਰੀਖ ਪੰਨਾਂ ੧ ਗੁਰੂ ਰਾਮਦਾਸ ਜੀ ਦਾ ਜੀਵਨ।
ਇਸ ਤੋਂ ਅਗੇ  ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚੋਂ ਗੁਰੂ ਰਾਮ ਦਾਸ ਜੀ ਸਬੰਧੀ ਇਸ ਤਰਾ੍ਹ ਲਿਖਦੇ ਹਨ।
   ਚੂਨੀ ਮੰਡੀ :-ਲਹੋਰ ਦਾ ਇਕ ਬਜ਼ਾਰ ,ਜਿਸ ਵਿੱਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ।ਦੇਖੋ ਲਹੋਰ। ਲਹੋਰ ੩੭੮੨ ਪੇਜ਼ ਤੇ ਹੈ ਇਸਤਰਾਂ੍ਹ ਸ਼ਬਦ ਲਿਖੇ ਹਨ;-ਚੂਨੀ ਮੰਡੀ ਵਿੱਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ ਦਰਬਾਰ ਸੁੰਦਰ ਬਣਿਆ ਹੋਇਆ ਹੈ ਨਾਲ ਅੱਠ ਦੁਕਾਨਾ ਹਨ
ਪੁਜਾਰੀ ਹੈ।
ਜੇਕਰ ਆਪ ਜੀ ਮਹਾਨ ਕੋਸ਼ ਵਿੱਚ ਲਹੋਰ ਦਾ ਨਕਸ਼ਾ ਭੀ ਵੇਖੋਗੇ ਤਾਂ ਉਥੇ ਭੀ ਨਿਸ਼ਾਨ ਦੇਹੀ ਵਾਲੀ ਥਾਂ ਚੂਨੀ ਮੰਡੀ ਹੀ ਲਿਖੇ ਹੋਏ ਮਿਲਨਗੇ।
ਪ੍ਰਿੰਸੀਪਲ ਸਤਬੀਰ ਸਿੰਘ ਜਿਨਾਂ੍ਹ ਨੇ ਦਸ ਗੁਰ ਸਾਹਿਬਾਨਾਂ ਦਾ ਜੀਵਨ ਗੁਰਬਾਣੀ ਦੀਆਂ ਪੰਕਤੀਆਂ ਦੇ ਅਧਾਰ ਤੇ ਪੁਸਤਕਾਂ ਦੇ ਨਾਮ ਰੱਖੇ ਉਹ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸਬੰਧਤ ਪੁਸਤਕ ਪੂਰੀ ਹੋਈ ਕਰਾਮਾਤ ਵਿੱਚ ਪਹਿਲਾ ਪ੍ਰਕਰਣ ਹੀ ਇਥੋਂ ਸ਼ੁਰੂ ਕਰਦੇ ਹਨ।
ਚੂੰਨੀ ਮੰਡੀ ਲਹੋਰ:_{ਪਹਿਲੀਆਂ ਐਡੀਸ਼ਨਾਂ ਵਿੱਚ} ਬਾਅਦ ਵਿੱਚ ਪਤਾ ਨਹੀ ਕਿ ਪਬਲੀਸ਼ਰਾਂ ਨੇ ਤਬਦੀਲੀ ਕੀਤੀ ਹੋਵੇ?ਇਹ ਅਸੀ ਨਹੀ ਜਾਣਦੇ।
 ੨੦੦੮ ਦੀ ਗੱਲ ਹੈ ਜਦੋੰ ਕੌਮ ਗੁਰੂ ਗ੍ਰੰਥ ਸਾਹਿਬ ਜੀ ਦਾ ੩੦੦ ਸਾਲਾ ਸ਼ਤਾਬਦੀ ਦਿਵਸ ਬੜੇ ਜੋਰਾਂ ਸ਼ੋਰਾਂ ਨਾਲ ਮਨਾਂ ਰਹੀ ਸੀ ਠੀਕ ਗੁਰਪੁਰਬ ਦੀ ਉਹ ਰਾਤ ਜਿਸ ਦਿਨ ਸਵੇਰੇ ਗੁਰਪੁਰਬ ਸੀ ਵਕਤ ਦੇ ਅਕਾਲ ਤੱਖਤ ਦੇ ਜਥੇਦਾਰ ਜੀ ਨੇ ਰਾਤ ੧੨ ਵਜੇ ਅਰਦਾਸੀਏ ਸ਼ਪੈਸ਼ਲ ਫੋਨ ਤੇਇਹ ਹਦਾਇਤ ਕੀਤੀ ਕਿ ਸਵੇਰ ਦੀ ਅਰਦਾਸ ਵਿੱਚ ਗੁਰਪੁਰਬ ਸਬੰਧੀ ਗੁਰੂ ਸਾਹਿਬ ਜੀ ਦਾ ਆਗਮਨ ਚੂੰਨੀ ਮੰਡੀ ਲਹੋਰ ਕਹਿਣਾ ਹੈ ਚੂਨਾ ਮੰਡੀ ਨਹੀ ਕਹਿਣਾ।ਵੇਖੋ ਅਗਲੇ ਦਿਨ ਦੀ ਪੰਜਾਬੀ ਅਖਬਾਰ ਸਪੋਕਸਮੈਨ।
  ਚੂਨਾ ਮੰਡੀ ਤੇ ਚੂੰਨੀ ਮੰਡੀ ਵਿੱਚ ਫਰਕ ਕੀ ਹੈ?
ਆਮ ਕਰਕੇ ਸ਼ਹਿਰਾਂ ਜਾਂ ਵਡੇ ਨਗਰਾਂ ਵਿੱਚ ਮੁਹਲਿਆ ਦੇ ਨਾਮ ਬਾਜ਼ਾਰਾਂ ਦੇ ਨਾਮ, ਕਿਰਤ ਦੇ ਅਧਾਰ ਤੇ ਜਾਂ ਜਿਨਸ ਦੇ ਅਧਾਰ ਤੇ ਪੈ ਜਾਦੇ ਹਨ।ਕਸੇਰਿਆ ਬਜ਼ਾਰ ,ਬਜ਼ਾਰ ਸ਼ਰਾਫਾ, ਬਾਜ਼ਾਰ ਬਾਂਸਾ, ਸਾਬਣ ਬਾਜ਼ਾਰ ,ਦਾਣਾ ਮੰਡੀ ,ਆਟਾ ਮੰਡੀ ਇਹ ਨਾਮ ਜਿਣਸਾਂ ਦੇ ਨਾਮ ਤੇ ਬਾਜ਼ਾਰਾਂ ਦੇ ਨਾਮ ਪੈ ਗਏ।ਚੂਨਾਂ ਮੰਡੀ ਕੀ ਹੈ? ਚੂਨਾ ਖਿਲ ਕੀਤੇ ਪੱਥਰ ਨੂੰ ਕਹਿੰਦੇ ਹਨ ਜਿਸਨੂੰ ਅਸੀ ਅਪਣੀ ਬੋਲੀ ਵਿੱਚ  ਕਲੀਚੂਨਾ ਕਹਿ ਦੇਦਾਂ ਹਾਂ।ਜੋ ਦਵਾਰਾਂ ਤੇ ਸਫੈਦੀ ਕਰਨ ਦੇ ਕੰਮ ਆਉਦਾਂ ਹੈ। ਦੂਸਰਾ ਅਰਥ ਚੂਨੇ ਦਾ ਬਾਣੀ ਦੇ ਬਿਨਾਂ ਤੇ ਆਟਾ ਕੀਤਾ ਗਿਆ ।ਦੋਇ ਸੇਰ ਮਾਗਉ ਚੂਨਾ।ਪਾਉ ਘਓਿ ਸੰਗਿ ਲੂਨਾ।ਅਤੇ ਬਸੰਤ ਰਾਗ ਵਿੱਚ  ਚਾਕੀ ਚਾਟਹਿ ਚੂਨ ਖਾਹਿ॥ ਭਗਤ ਕਬੀਰ ਜੀ .ਚੂਨ ਚਿਹਨ ਨ ਰਹਾਇ॥ ਇਹ ਚੂਨ ਸ਼ਬਦ ਆਟੇ ਵਾਸਤੇ ਆਇਆ ਹੈ। ਹੁਣ ਵੇਖਨ ਵਾਲੀ ਇਹ ਗੱਲ ਹੈ ਕਿ ਇਸ ਬਾਜ਼ਾਰ ਵਿੱਚ ਜਿਸਨੂੰ ਚੂਨਾਂ ਬਾਜ਼ਾਰ ਆਖਿਆ ਜਾਦਾ ਹੈ ਇਥੇ ਕੋਈ ਚੂਨੇ ਕਲੀ ਦੀ  ਦੁਕਾਨ ਨਹੀ ਤੇ ਨਾ ਹੀ ਰੰਗ ਰੋਗਨ ਦੀ ਹੈ ਅਤੇ ਨਾ ਹੀ ਕੋਈ ਆਟੇ ਦੀ ਮਾਰਕੀਟ ਹੈ ਨਾ ਆਟੇ ਦੀ ਕੋਈ ਚਕੀ ਹੈ।ਜਿਸਦੇ ਬਿਨਾਂ ਤੇ ਇਸਦਾ ਨਾਮ ਚੂਨਾਂ ਬਾਜ਼ਾਰ ਪੈ ਜਾਦਾਂ।ਦਾਸ ਖੁਦ ਤਿੰਨ ਵਾਰ ਦਰਸ਼ਨ ਕਰ ਆਇਆ ਹੈ ਕਪੜੇ ਦੀ ਬਹੁਤ ਵਡੀ ਮਾਰਕੀਟ ਹੈ ਬਾਜ਼ਾਰ ਬੜਾ ਸੁੰਦਰ ਹੈ ।ਜਨਮ ਅਸਥਾਨ ਭੀ ਬਹੁਤ ਸੁੰਦਰ ਹੁਣ ਤਿਆਰ ਕੀਤਾ ਹੈ।
  ਫਿਰ ਸਹੀ ਨਾਮ ਕੀ ਹੈ? ਚੂੰਨੀ ਬਾਜ਼ਾਰ। ਚੂੰਨੀ ਕਿਸਨੂੰ ਕਹਿੰਦੇ ਹਨ? ਚੂੰਨੀ ਹੀਰੇ ਦੀਆਂ ਕਣੀਆਂ ਨੂੰ ਆਖਿਆ ਜਾਦਾਂ ਹੈ ਜੋ ਹੀਰੇ ਨੂੰ ਕੱਟਣ ਤੋ ਬਾਅਦ ਨਿਕੇ ਨਿਕੇ ਟੁਕੜੇ ਬੱਚ ਜਾਦੇ ਸਨ ਉਹ ਛੋਟੇ ਵਾਪਾਰੀ ਖਰੀਦ ਕੇ ਅਪਣੇ ਕੋਲ ਰੱਖ ਲੈਦੇ ਸਨ ।ਲੋੜਵੰਦ ਉਹਨਾਂ ਕੋਲੋ ਖਰੀਦ ਕੇ ਅਪਣੀ ਲੋੜ ਪੂਰੀ ਕਰ ਲੈਦੇ ਸਨ।ਗੁਰੂ ਕਾਲ ਵੇਲੇ ਇਹ ਕੰਮ ਭੀ ਬਹੁਤਾ ਸੋਢੀ ਬੇਦੀ ਹੀ ਕਰਦੇ ਸਨ ।ਜਿਥੇ ਕੁਝ ਇਵੇ ਦਾ ਸਾਮਾਨ ਵਿਕਦਾ ਹੋਵੇ ਉਸ ਬਾਜ਼ਾਰ ਨੂੰ ਜਾਂ ਤਾਂ ਡਬੀ ਬਾਜ਼ਾਰ ਕਿਹਾ ਜਾਦਾ ਸੀ ਜਾਂ ਫਿਰ ਚੂੰਨੀ ਬਾਜ਼ਾਰ ਕਿਹਾ ਜਾਦਾਂ ਸੀ ਸੋ ਇਹ ਬਾਜ਼ਾਰ ਦਾ ਨਾਮ ਚੂੰਂੀ ਮੰਡੀ ਦੇ ਨਾਮ ਨਾਲ ਜਾਣਿਆ ਜਾਦਾ ਸੀ ਜੋ ਅੱਜ ਚੂਨਾ ਮੰਡੀ ਆਖਦੇ ਹਨ।ਸੋ ਕਿਰਪਾ ਕਰਕੇ ਸਹੀ ਖੋਜ ਕਰਕੇ ਇਤਿਹਾਸ ਵਿਚਾਰਨ ਦੀ ਸੇਵਾ ਕਰੋ ਜੀ ਧੰਨ ਗੁਰੂ ਰਾਮਦਾਸ ਜੀ ਸਾਡੇ ਸਾਰਿਆ ਤੇ ਬਖਸ਼ਸ਼ ਕਰਨ ।ਸਤਿਗੁਰਾਂ ਦੇ ਆਗਮਨ ਪੁਰਬ ਦੀ ਆਪ ਸਭ ਸੂਗਤਾਂ ਨੂੰ ਦਾਸ ਵਲੋਂ ਤੇ ਦਾਸ ਦੇ ਸਮੂੰਹ ਪ੍ਰਵਾਰ ਵਲੋਂ ਲੱਖ ਲੱਖ ਵਧਾਈ ਹੋਵੇ ਜੀ।

28 October, 2013

ਕਪਿ ਸ਼ਬਦ ਦੀ ਸਮੀਖਿਆ


ਬਾਣੀ ਗਿਆਨ ਦਾ ਅਥਾਹ ਸਮੁੰਦਰ ਹੈ।ਸੰਸਾਰ ਦਾ ਗਿਆਨ ,ਕਰਤਾਰ ਦਾ ਗਿਆਨ ਬਾਣੀ ਰਾਹੀਂ ਹੀ ਪ੍ਰਾਪਤ ਹੋਣਾ ਹੈ।ਜਿਤਨੀ ਜਾਣਕਾਰੀ ਧੰਨ ਗੁਰੁ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਪੜ੍ਹਨ ਦਾ ਸਦਕਾ ਹੁੰਦੀ ਹੈ ਉਤਨੀ ਕਿਸੇ ਭੀ ਦੁਨੀਆਂ ਦੇ ਕਿਸੇ ਹੋਰ ਗ੍ਰੰਥ ਨੂੰ ਪੜਿਆਂ ਨਹੀ ਹੁੰਦੀ।ਇਸ ਲਈ ਮਨੁਖ ਨੂੰ ਜਿੰਦਗੀ ਵਿਚ ਜਿਤਨਾਂ ਸਮਾਂ ਭੀ ਪ੍ਰਾਪਤ ਹੁੰਦਾਂ ਹੈ,ਉਹ ਸਮਾਂ ਬਾਣੀ ਪੜ੍ਹਨ ਵਿਚ ਲਾਵੇ ਤਾਂ ਮੈ ਸਮਝਦਾ ਹਾਂ ਕਿ ਮਨੁਖ ਦੇ ਬਹੁਤ ਸਾਰੇ ਭਰਮ ਭੁਲੇਖਿਆਂ ਦਾ ਉਤਰ ਇਸ ਜੀਵ ਨੂੰ ਬਾਣੀ ਵਿਚੋਂ ਹੀ ਮਿਲ ਜਾਵੇਗਾ।ਪਿਛਲੇ ਦਿਨੀ ਵਿਚ ਇਕ ਖਬਰ ਆਈ ਸੀ ਕਿ ਕਿਸੇ ਅਨਧਰਮ ਦੇ ਬੰਦੇ ਨੇ ਗੁਰੁ ਗ੍ਰੰਥ ਸਾਹਿਬ ਜੀ ਦਾ ਅਧਿਐਨ ਕੀਤਾ ਤੇ ਬਹੁਤ ਹੀ ਪ੍ਰਭਾਵਤ ਹੋਇਆ। ਦਾਸ ਅੱਜ ੨੮/੦੭/੨੦੧੩ ਐਤਵਾਰ ਸਵੇਰ ਦੇ ਨਿਤਨੇਮ ਤੋਂ ਬਾਅਦ ਕੁਝ ਅੰਗ ਸਹਿਜ  ਪਾਠ ਦੇ ਕਰ ਰਹਿਆਂ ਸੀ ਕਿ ਬਾਬਾ ਫਰੀਦ ਜੀ ਦੇ ਸਲੋਕ ਜੋ ਸਿਰ ਸਾਈ ਨ ਨਿਵੈ ਸੋ ਸਿਰ ਕਪਿ ਉਤਾਰਿ॥੧੩੮੧॥ ਸਲੋਕ ਨੰ:੭੧  ਪੱੜ ਰਿਹਾਂ ਸਾਂ ਤਾਂ ਭਗਤ ਕਬੀਰ ਜੀ ਦੇ ਸ਼ਬਦ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉਂ(੫੨੪) ਸਾਹਮਣੇ ਆ ਗਿਆ।ਵੇਖਿਆ ਕਿ ਦੋਵਾਂ ਸ਼ਬਦਾ ਵਿਚ ਕਪਿ ਸ਼ਬਦ ਆਇਆ ਹੈ। ਮਨ ਸੋਚਨ ਲਗ ਪਿਆ ਕਿ ਸ਼ਬਦ ਤਾਂ ਕਪਿ ਹੀ ਹੈ ਪਰ ਦੋਵਾਂ ਥਾਂਵਾ ਤੇ ਅਰਥ ਇਕੋ ਜਿਹਾ ਨਹੀ ਲਗ ਰਿਹਾ ਦੋਵਾਂ ਪੰਗਤੀਆਂ ਦਾ ਅਰਥ ਭਾਵ ਵਖਰਾ ੨ ਹੈ।ਬਸ ਵਿਚਾਰ ਕੇ ਪਾਠ ਕਰਨ ਦਾ ਲਾਹਾ ਇਹੋ ਹੀ ਕਿ ਸਤਿਗੁਰੂ ਆਪ ਜੀ ਨੂੰ ਫਿਰ ਸੋਝੀ ਬਖਸ਼ ਦੇ ਹਨ ਜੀ।
  ਸੋ ਗੁਰੁ ਪਿਆਰਿਓ ਆਓ ਅੱਜ ਅਸੀ ਇਸੇ ਸਬਦ ਦੇ ਅਧਾਰ ਤੇ ਹੀ ਸਤਿਗੁਰਾਂ ਦੀ ਬਖਸ਼ੀ ਮੱਤ ਅਨੁਸਾਰ ਕੁਝ ਵਿਚਾਰ ਸਾਂਝੀ ਕਰਾਂਗੇ।ਕੱਪ ਸ਼ਬਦ ਦੇ ਮੂਲ ਰੂਪ ਵਾਲੇ ਪਾਸੇ ਜਾਈਏ ਤਾਂ ਇਹ ਸਬਦ ਇੰਗਲਿਸ਼ ਭਾਸ਼ਾ ਵਿਚੋਂ ਆਇਆ ਲਗਦਾ ਹੈ।ਜਿਸਦਾ ਰੂਪ ਹੈ "ਚੁਪ"
ਜੋ ਅਸੀ ਰੋਜ਼ਾਨਾ ਦੀ ਬੋਲੀ ਵਿਚ ਵਰਤਦੇ ਹਾਂ ਇਕ ਕੱਪ ਚਾਹ ਮੇਰੇ ਲਈ ਬਣਾ ਦੇਵੋ ਜੀ । ਇਹ ਸ਼ਬਦ ਸਾਡੀ ਬੋਲੀ ਦਾ ਅੰਗ ਹੀ ਬਣ ਗਿਆ ਹੈ।ਚਾਹੇ ਪੜਿਆ ਅਨਪੜਿਆ ਸ਼ਬਦ ਕੱਪ ਹੀ ਵਰਤੇਗਾ। ਪਰ ਗੁਰਬਾਣੀ ਅੰਦਰ ਆਏ ਇਸ ਸ਼ਬਦ ਦਾ ਰੂਪ ਅਤੇ ਅਰਥ ਦੋਵੇ ਹੀ ਵੱਖਰੇ ਵਖਰੇ ਹਨ। ਕਪਿ ਸ਼ਬਦ ਬਾਣੀ ਵਿੱਚ ਸਿਰਫ ਤਿੰਨ ਵਾਰ ਹੀ ਆਇਆ ਹੈ। ਤਿੰਨੇ ਵਾਰ ਤਿੰਨ ਵੱਖਰੇ ਅਰਥਾਂ ਵਿੱਚ ਹੀ ਆਇਆ ਹੈ।
ਪਹਿਲੀ ਵਾਰ ਪੰਨਾਂ- ੩੩੬  ਰਾਗ ਆਸਾ ਵਿੱਚ ਭਗਤ ਕਬੀਰ ਜੀ ਦੇ ਸਬਦ "ਜਿਉ ਕਪਿ ਕੇ ਕਰਿ ਮੁਸਟਿ ਚਨਨ ਕੀ ਲੁਬਧਿ ਨ ਤਿਆਗ ਦਇਓ॥"
ਦੂਸਰੀ ਵਾਰ ਬਲਦ ਦੇ ਅਰਥ ਵਿਚ ਭਗਤ ਕਬੀਰ ਜੀ ਨੇ ਰਾਗ ਗੂਜਰੀ ਵਿੱਚ ਇਸਦੀ ਵਰਤੋਂ ਕੀਤੀ ਹੈ।
"ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉਂ ਗਤਿ ਬਿਨ ਰੈਨਿ ਬਿਹਈ ਹੈ॥" ਪੰਨਾਂ- ੫੨੪॥
ਅਤੇ ਤੀਸਰੀ ਵਾਰ ਇਸ ਸ਼ਬਦ ਨੂੰ ਬਾਬਾ ਫਰੀਦ ਜੀ ਨੇ ਕੱਟਨ ਵੱਢਣ ਦੇ ਰੂਪ ਵਿਚ ਵਰਤੋਂ ਕੀਤੀ ਹੈ।ਜਿਸ ਵਿਚ ਬਚਨ ਕੀਤਾ ਕਿ ਜੋ ਸਿਰ ਪ੍ਰਮਾਤਮਾ ਅਗੇ ਝੁਕਦਾ ਨਹੀ ਉਸ ਸਿਰ ਨੂੰ ਧੜ ਨਾਲੋਂ ਵੱਢ ਕੇ ਅਲੱਗ ਕਰ ਦੇਵੋ।ਆਪ ਜੀ ਦੇ ਸਲੋਕਾਂ ਵਿਚ ਆਇਆ ਹੈ।
"ਉਠਿ ਫਰੀਦਾ ਉਜੂ ਸਾਜਿ ਸੁਬਹ ਨਿਵਾਜੁ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥੧੩੮੧ਪੰਨਾਂ॥੭੧॥"
     ਸੋ ਸਾਨੂੰ ਸਬਦ ਸਰੂਪ ਤਾਂ ਇਕੋ ਵਰਗਾ ਹੀ ਲਗੇਗਾ ਪਰ ਅਰਥ ਵਖਰਾ ੨ ਹੋ ਜਾਵੇਗਾ ਇਹ ਸਾਰਾ ਗਿਆਨ ਬਾਣੀ ਪੜਿਆ ਹੀ ਪਰਾਪਤ ਹੋਵੇਗਾ।ਬਾਵਨ ਅਖਰੀ  ਵਿਚ ਭਗਤ ਕਬੀਰ ਜੀ ਬੜੀ ਪਿਆਰੀ ਗਲ ਲਿਖਦੇ ਹਨ ਕਿ ਹੇ ਬੰਦੇ ਅਪਣੀ ਮੱਤ ਨੂੰ ਵਧਾਉਣ ਲਈ ਕੁਝ ਧਾਰਮਿਕ ਪੁਸਤਕਾਂ ਪੜਿਆ ਕਰ।ਬਚਨ ਹੈ।
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ॥
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥੫॥  ਪੰਨਾ- ੩੪੦॥
ਦੇ ਅਨੁਸਾਰ ਜਦੋਂ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਜੀ ਦਾ ਇਨਸਾਈਕਲੋਪੀਡੀਆ, ਮਹਾਨਕੋਸ਼ ਵੇਖਿਆ ਤਾਂ ਕਪਿ ਸ਼ਬਦ ਦੇ ਅਰਥ ਪੱੜ ਕੇ ਹੈਰਾਨ ਹੋ ਗਿਆ। ਉਹਨਾਂ ਲਿਖਿਆ ਕਿ ਕਪਿ ਕਪ ਕਪੈ ਕਪਹਿ ਇਹ ਸਾਰੇ ਇਕ ਸਰੂਪ ਵਾਲੇ ਸਬਦ ਹਨ ਜਿਨ੍ਹਾਂ ਦੇ ਅਰਥ ਇਹ ਹੋ ਸਕਦੇ ਹਨ।
ਕਪੈ –ਕੰਬਨਾਂ -ਹੱਥ ਮਰੋੜੈ ਤਨ ਕਪੈ ਸਿਆਹੁ ਹੋਆ ਸੇਤ॥ ਕਪਿ-ਚਲਨਾਂ, ਹਿਲਨਾਂ ਬਾਂਦਰ ,ਹਾਥੀ, ਸੂਰਜ, ਬਲਦ।
ਕਪਿ ਕੁੰਜਰੇ-ਹਨੂਮਾਨ, ਕਪਿਕੇਤ-ਅਰਜੁਨ  ਜਿਸ ਦੇ ਝੰਡੇ ਵਿਚ ਬਾਂਦਰ ਦਾ ਨਿਸ਼ਾਨ ਹੈ,
ਕਪਿ ਪਤਿ-ਰਾਜਾ ਸੁਗਰੀਵ ਜੋ ਬਾਂਦਰਾਂ ਦਾ ਰਾਜਾ ਮੰਨਿਆ ਗਿਆ। ਕਪਿ ਦਾ ਅਰਥ ਹਾਥੀ ਇਹ ਮੇਰੇ ਵਾਸਤੇ ਭੀ ਨਵਾਂ ਅਰਥ ਸਾਹਮਣੇ ਆਇਆ ਹੈ। ਬਸ ਇਸੇ ਤਰਾਂ ਹੀ ਅੱਖਰ ਅੱਖਰ ਪੜ ਕੇ ਗਿਆਨ ਵਿਚ ਵਾਧਾ ਹੁੰਦਾਂ ਹੈ ।ਗੁਰੁ ਕਿਰਪਾ ਕਰਨ ਬਾਣੀ ਦੇ ਪੜ੍ਹਨ ਵਿਚਾਰਨ ਦੀ ਸੱਭ ਨੂੰ ਸੁਮਤ ਬਖਸ਼ਨ ਜੀ।
                                          ਪ੍ਰਕਰਨ ਲਿਖਿਆ ੨੮/੭/੨੦੧੩
                              ਫੋਨ ਨ: ੯੮੮੮੧੫੧੬੮੬ 

ਗੁਰ ਮਤਿ ਦੇ ਦੀਵੇ


ਸਿੱਖ ਧਰਮ ਦੇ ਅੰਦਰ ਵਿਸਾਖੀ ਅਤੇ ਦਿਵਾਲੀ ਦੋ ਤਿਉਹਾਰ ਗੁਰੂ ਕਾਲ ਤੋਂ ਮਨਾਏ ਜਾਦੇਂ ਹਨ।ਇ੍ਹਨਾਂ ਮੇਲਿਆਂ ਨੂੰ ਮਨਾਉਣ ਦਾ ਕਾਰਣ ਇਹ ਸੀ ਕਿ ਸੰਗਤਾਂ ਦਾ ਇਕੱਠ ਗੁਰੂ ਘੱਰ ਵਿੱਚ ਬਹੁਤਾਤ ਵਿੱਚ ਹੋਵੇ ਤੇ ਗੁਰੂ ਨਾਨਕ ਨਾਮ ਲੇਵਾ ਅਪਣੇ ਗੁਰਸਿਖ ਭਰਾਂਵਾ ਨੂੰ ਮਿਲ ਕੇ ਇਕ ਦੂਜੇ ਨਾਲ ਪਿਆਰ ਦੀ ਸਾਂਝ ਪਾ ਸਕਣ।ਇਹ ਇਕੱਠ  ਸਿਖੀ  ਦੇ ਪ੍ਰਚਾਰ ਵਿੱਚ ਭੀ ਸਹਾਇਕ ਹੁੰਦੇ ਸਨ।ਸਿਖਾਂ ਵਿੱਚ ਪ੍ਰਸਪਰ ਪਿਆਰ ਭੀ ਵਧਾਉਦੇ ਸਨ।ਸਿਖ ਧਰਮ ਅੰਦਰ ਵਿਸਾਖੀ ਦਾ ਇਕੱਠ ਗੁਰੂ ਅਮਰਦਾਸ ਸਾਹਿਬ ਜੀ ਤੋਂ ਅਰੰਭ ਹੋਇਆ।ਦਿਵਾਲੀ ਦਾ ਤਿਉਹਾਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿਚੋਂ ਰਿਹਾਅ ਹੋ ਕੇ ਅਮਿੰ੍ਰਤਸਰ ਆ ਕੇ ਮਨਾਉਣਾ ਅਰੰਭ ਕੀਤਾ।ਪਹਿਲਾਂ ਦੀਵਾਲੀ ਦਾ ਇਕੱਠ ਗੁਰੂ ਘੱਰ ਵਿੱਚ ਨਹੀ ਸੀ ਹੋਇਆ ਕਰਦਾ। ਇਸਦਾ ਕਾਰਨ ਇਹ ਸੀ ਕਿ ਵਕਤ ਦੀ ਹਕੂਮਤ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ੧੬੦੯ ਵਿੱਚ ਦਿਲੀ ਮੰਗਵਾਂ ਕਿ ਕੈਦ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿਤਾ।ਜਿਥੋਂ ਕਿਤੇ ਕਦੇ ਵਾਪਸ ਆਉਣ ਦੀ ਉਮੈਦ ਨਹੀ ਸੀ ਰੱਖੀ ਜਾਦੀ ।ਇਸ ਗੱਲ ਦਾ ਸਬੂਤ ਪਹਿਲਾਂ ਕੈਦ ਕੀਤੇ ਬਵੰਜਾਂ ਰਾਜਿਆਂ ਦਾ ਇਤਿਹਾਸ ਸਾਡੇ ਸਾਹਮਣੇ ਹੈ। ਜੋ ਬਾਦਸ਼ਾਹ ਅਕਬਰ ਨੇ ਕੈਦ ਕੀਤੇ ਸਨ ਤੇ ਇਸ ਵਕਤ ਹਕੂਮਤ ਜਹਾਂਗੀਰ ਦੀ ਅਰੰਭ ਹੋ ਚੁਕੀ ਸੀ।ਇਨ੍ਹਾਂ ਰਾਜਿਆਂ ਦੇ ਪ੍ਰਵਾਰਾ ਦੀ ਕੋਈ ਅਪੀਲ ,ਵਕੀਲਾਂ ਦੀ ਦਲੀਲ, ਨਾ ਅਕਬਰ ਦੇ ਦਰਬਾਰ ੱਿਵਚ ਤੇ ਨਾ ਹੀ ਜਹਾਗੀਰ ਦੇ ਦਰਬਾਰ ਵਿੱਚ ਚੱਲ ਸਕੀ ਸੀ।ਗੁਰੂ ਸਾਹਿਬ ਜੀ ਦਾ ਆਪ ਇਸ ਕਿਲੇ ਵਿੱਚੋਂ ਮੁਕਤ ਹੋਣਾ ਤੇ ਬਵੰਜਾਂ ਰਾਜਿਆਂ ਨੂੰ ਭੀ ਮੁਕਤ ਕਰਵਾ ਦੇਣਾ ਇਕ ਬਹੁਤ ਵਡੀਗੱਲ ਸੀ।
  ੧੬੧੨ ਵਿੱਚ ਗੁਰੂ ਸਾਹਿਬ ਜੀ ਤਿੰਨ ਸਾਲਾ ਬਾਅਦ ਸ੍ਰੀ ਅੰਮ੍ਰਿਤਸਰ  ਸਾਹਿਬ ਆਏ ਸਨ। ਤੇ ਉਹ ਸੰਗਤਾਂ ਜਿਨਾਂ੍ਹ ਨੇ ਆਪਣੇ ਮਹਿਬੂਬ ਪਿਆਰੇ ਸਤਿਗੁਰੂ ਜੀ ਦਰਸ਼ਨ ਕਰਨ ਵਾਸਤੇ ਕਿਤਨਾਂ ਜ਼ਫ਼ਰ ਜਾਲ ਕੇ ਗਵਾਲੀਅਰ ਪਹੁੰਚਕੇ ਭੀ ਗੁਰੂ ਦੇ ਦਰਸ਼ਨ ਦਿਦਾਰੇ ਨਹੀ ਸਨ ਕਰ ਸਕੀਆਂ। ਅੱਜ ਉਹਨਾਂ ਦਾ ਪਿਆਰਾ ਇਤਨੇ ਸਮੇ ਬਾਅਦ ਘੱਰ ਆਇਆ ਹੋਵੇ ਤੇ ਸੰਗਤਾਂ ਦਰਸ਼ਨ ਕਰਣ ਵਾਸਤੇ ਨਾਂ ਪਹੁੰਚਨ? ਇਧਰ ਗੁਰੂ ਸਾਹਿਬ ਜੀ ਦੇ ਮਨ ਵਿੱਚ ਭੀ ਅਪਣੀਆਂ ਪਿਆਰੀਆ ਸੰਗਤਾਂ ਵਾਸਤੇ ਅਥਾਹ ਪਿਆਰ ਸੀ।ਗੁਰੂ ਦਾ ਪਿਆਰ ਕਿਸੇ ਪਤੰਗੇ ਵਰਗਾ ਜਾਂ  ਜਾਂ ਭੌਰੇ ਵਰਗਾ ਨਹੀ ਜੋ ਇਕ ਪਾਸੇ ਵਾਲਾ ਹੋਵੇ ਗੁਰੂ ਦਾ ਪਿਆਰ ਦੋ ਪਾਸੀ ਹੈ।ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਕ ਬਹੁਤ ਸੁੰਦਰ ਸਵੈਯਾ ਇਸ ਸਬੰਧੀ ਉਚਾਰਨ ਕੀਤਾ ਹੈ।
 ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗਿ ,ਦੀਪ ਕਰ ਮਹਾ ਬਿਪਰੀਤ ਮਿਲੇ ਜਾਰਿ ਹੈ॥
ਅਲਿ ਚਲਿ ਆਵਤ ਕਮਲ ਪੈ ਸਨੇਹ ਕਰਿ, ਕਮਲ ਸੰਪਟ ਬਾਂਧਿ ਪ੍ਰਾਨ ਪ੍ਰਹਾਰ ਹੈ॥
ਮਨ ਬਚ ਕ੍ਰਮ ਜਲ ਮੀਨ ਲਿਵਲੀਨ ਗਤਿ,ਬਿਛਰਤ ਰਾਖਿ ਨ ਸਕਤ ਗਹਿ ਡਾਰਿ ਹੈ।
ਦੁਕਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ, ਨ ਟਰੈ, ਗੁਰਸਿਖ ਸੁਖਦਾਈ ਪ੍ਰੀਤ ਕਿਉਂ ਬਿਸਾਰਿ ਹੈ॥
   ਦੇ ਸੁਭਾਅ ਅਨੁਸਾਰ ਗੁਰੂ ਸਾਹਿਬ ਜੀ ਭੀ ਅਪਣੇ ਪਿਆਰਿਆਂ ਨੂੰ ਮਿਲਨਾਂ ਚਾਹੁੰਦੇ ਸਂਂਨ।  ਦੀਵਾਲੀ ਨੇੜੈ ਆ ਰਹੀ ਸੀ ਗੁਰੂ ਸਾਹਿਬ ਜੀ ਨੇ ਇਸੇ ਦੀਵਾਲੀ ਤੇ ਹੀ ਇਕੱਠ ਕਰਨ ਦਾ ਪ੍ਰੋਗਰਾਮ ਬਣਾ ਲਿਆ।ਨਾ ਕਿ ਉਸ ਦਿਨ ਹੀ ਦਿਵਾਲੀ ਸੀ ? ਸੰਗਤਾਂ ਨੇ ਗੁਰੂ ਜੀ ਦੇ ਪਿਆਰ ਦਾ ਅਨੰਦ ਮਾਣਿਆ ਖੁਸ਼ੀਆਂ ਮਨਾਈਆਂ ਬਚਨ ਬਿਲਾਸ ਹੋਏ ਗੁਰੂ ਦੀਆਂ ਅਸੀਸਾਂ ਲੈ ਕੈ ਸੰਗਤਾਂ ਵਾਪਸ ਆਪੋ ਆਪਣੇ ਘਰਾਂ ਨੂੰ ਪਰਤ ਗਈਆਂ।ਤੇ ਇਸੇ ਤਰਾਂ੍ਹ  ਹੀ ਫਿਰ ਅਗਲੇ ਸਾਲ ਇਕੱਠ ਹੋਏ ਗੁਰੂ ਜੀ ਦੇ ਬਚਨਾਂ ਨਾਲ ਸਾਂਝ ਪਾਈ  ਗੁਰ ਉਪਦੇਸ਼ ਸੁਣਿਆ ਤੇ ਮੰਨਿਆ ਤੇ ਮੰਨ ਵਿੱਚ ਵਸਾਇਆ।ਜੋ ਇਕ ਸਿੱਖ ਲਈ ਹੁਕਮ ਹੈ।
  ਕੀ ਗੁਰੂ ਦਾ ਹੁਕਮ ਹੈ ਕਿ ਆਹ ਦੀਵੇ ਬਾਲੋ ਆਤਸ਼ਬਾਜ਼ੀ ਚਲਾਓ ਗੁਰੂ ਪਿਆਰਿਓ ਇਹ ਤਾਂ ਬਾਹਰ ਦੀ ਖੁਸੀ ਹੈ । ਇਹ ਤਾਂ ਬਾਹਰ ਦੀ ਲਾਈਟ ਹੈ,ਕੀ ਇਹ ਰੋਸ਼ਨੀ ਕਰਨ ਦਾ ਸਾਨੂੰ ਗੁਰੂ ਨੇ ਉਪਦੇਸ਼ ਦਿਤਾ ਸੀ।ਇਤਿਹਾਸ ਉਹ ਜੋ ਬਾਣੀ ਨਾਲ ਮੇਲ ਖਾਏ ,ਫਿਰਗੁਰੂ ਤਾਂ ਬਾਣੀ ਰਾਹੀ ਕਹਿ ਰਿਹਾ ਹੈ।
ਸਤਿਗੁਰ ਸਬਦਿ ਉਜਾਰੋ ਦੀਪਾ॥
ਬਿਨਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁਲੀ ਅਨੂਪਾ॥ਰਾਗ ਬਿਲਾ:੫॥੮੨੧॥ਪੰਨਾਂ
 ਗੁਰੂ ਪਿਆਰਿਓ ਸਬਦ ਦਾ ਦੀਵਾ ਅਪਣੇ ਅੰਦਰ ਬਾਲੋ । ਜਿਸ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਵੇਗਾ।ਗੁਰੂ ਤਾਂ ਕਹਿ ਰਿਹਾ ਹੈ ਕਿ ਬਾਹਰ ਦੇ  ਦੀਵੇ ਤੂੰ ਜਿਤਨੇ ਮਰਜੀ ਬਾਲ ਲੈ ।ਸੱਭ ਤੋ ਵਡੇ ਦੀਵੇ ਸੂਰਜ ਤੇ ਚੰਦਰਮਾਂ ਹਨ ਜੋ ਦਿਨ ਰਾਤ ਹੀ ਬਲਦੇ ਹਨ ਇਹਨਾਂ ਵਰਗੇ ਇਕ ਨਹੀ ਹਜ਼ਾਰਾਂ ਦੀ ਗਿਣਤੀ ਵਿੱਚ ਭੀ ਬਾਲ ਲਵੇ ਤਾਂ ਬਾਹਰ ਦਾ ਚਾਣਨ ਤਾਂ ਵੱਧ ਜਾਏਗਾ ਪਰ ਤੇਰੇ ਅੰਦਰ ਹਨੇਰਾ ਹੀ ਰਹੇਗਾ।ਗੁਰੂ ਅੰਗਦ ਦੇਵ ਜੀ ਆਸਾ ਜੀ ਦੀ ਵਾਰ ਵਿੱਚ ਕਹਿ ਰਹੇ ਹਨ।
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਣਨ ਹੋਦਿੰਆਂ ਗੁਰ ਬਿਨ ਘੋਰ ਅੰਧਾਰ॥ ਪੰਨਾਂ ੪੬੨॥ਵਾਰ ਆਸਾ॥
ਕਿਉਕਿ ਗੁਰੂ ਖੁਦ ਇਕ ਦੀਵਾ ਹੈ ਜਿਸ  ਦੀ ਰੋਸ਼ਨੀ ਤਿੰਨਾਂ ਲੋਕਾਂ ਵਿੱਚ ਹੋ ਰਹੀ ਹੈ ਆਮ ਦੀਵਾ ਤਾਂ ਜਿਥੇ ਬਾਲਿਆ ਜਾਵੇ ਉਥੇ ਹੀ ਰੋਸ਼ਨੀ ਕਰਦਾ ਹੈ ॥ ਪਰ ਗੁਰੂ ਰੂਪੀ ਦੀਵੇ ਬਾਰੇ ਗੁਰੂ ਨਾਨਕ ਦੇਵ ਜੀ ਫੁਰਮਾਂ ਰਹੇ ਹਨ।
ਗੁਰ ਦਾਤਾ ਗੁਰ ਹਿਵੈ ਘਰਿ ਗੁਰ ਦੀਪਕ ਤਿਹੁ ਲੋਇ॥
ਦੀਵਾ ਬਲੈ ਅੰਧੈਰਾ ਜਾਇ॥ਸੂਹੀ ਦੀ ਵਾਰ॥
ਗੁਰ ਕਾ ਸਬਦ ਕਰਿ ਦੀਪਕੋ,ਇਹ ਸਤ ਕੀ ਸੇਜ ਵਿਛਾਇ ਰੀ॥ਆਸਾ ਮ:੫॥੪੦੦॥ਪੰਨਾ
ਦੀਪਕ ਸਬਦ ਵਿਗਾਸਿਆ ਰਾਮ ਨਾਮ ਉਰਹਾਰੁ॥ਸ੍ਰੀ ਰਾਗ  ਮ: ੧॥੫੪॥ਪੰਨਾਂ
ਸਬਦੈ ਸੁਹਾਵੈ ਤਾਪਤਿ ਪਾਵੈ ਦੀਪਕ ਦੇਹ ਉਜਾਰੈ ॥੨੪੩॥
ਸੋ ਗੁਰੂ ਪਿਆਰਿਓ ਗੁਰੂ ਕਿਤੇ ਭੀ ਸਾਨੂੰ ਬਾਹਰੀ ਦੀਵੇ ਬਾਲਨ ਦਾ ਉਪਦੇਸ਼ ਨਹੀ ਦੇਦਾਂ  ਗੁਰੂ ਤੇ ਜਦੋਂ ਭੀ ਗੱਲ ਕਰਦਾ ਹੈ ਅੰਦਰ ਆਤਮੇ ਦੀ ਰੋਸ਼ਨੀ ਦੀ ਗੱਲ ਕਰਦਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਾਗ ਸੋਰਠਿ ਪੰਨਾਂ - ੬੦੯ ਤੇ ਕਹਿ ਰਹੇ ਹਨ ।
ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ॥
ਕੋਇ ਨ ਪਹੂੰਚਨ ਹਾਰਾ ਦੂਜਾ ,ਅਪਨੇ ਸਾਹਿਬ ਕਾ ਭਰਵਾਸਾ॥
ਦੀਵਾਲੀ ਸੱਭ ਨੂੰ ਮੁਬਾਰਕ ਜੇ ਸਾਨੂੰ ਅੰਦਰ ਦਾ ਦੀਵਾ ਬਾਲਨਾ ਆ ਜਾਵੇ।ਅਸੀ ਅਪਣੇ ਮਨ ਨੂੰ ਗੁਰੂ ਦੀ ਮਤਿ ਨਾਲ ਰੋਸ਼ਨ ਕਰਕੇ ਹੋਰਨਾਂ ਦੇ ਬੁਝੇ ਹੋਏ ਦੀਵੇ ਜਗਾ ਸਕੀਏ।
ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਭਵਨ ਜੋਤਿ ਦਿਖਾਈ॥ਰਾਗ ਰਾਮਕਲੀ ਮ:੧॥
  ਜਗਦੇ ਦੀਵੇ ਤੋਂ ਬੁਝੈ ਦੀਵੇ ਨੂੰ ਜਗਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਵਿੱਚ ਰੋਸ਼ਨੀ ਦਾ ਹੋਰ ਵਾਧਾ ਕਰੀਏ ਅਸਲ ਵਿੱਚ ਜਗਦਾ ਦੀਵਾ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨਾਂ੍ਹ ਦੀ ਬਾਣੀ ਤੋਂ ਉਪਦੇਸ਼  ਲੈ ਕੇ ਸੱਚ ਦੀ ਰੋਸ਼ਨੀ ਦੇ ਪਾਂਧੀ ਬਣਨਾ ਹੈ॥ਗੁਰੂ ਸੱਭ ਦਾ ਭਲਾ ਕਰਣ ਜੀ॥
ਪ੍ਰਕਰਣ ਲਿਖਿਆ ੪ਅਕਤੂਬਰ ੨੦੧੩-੧੦-੦੪
ਦਲੇਰ ਸਿੰਘ ਜੋਸ਼ 0091-9888151686