28 October, 2013

ਕਪਿ ਸ਼ਬਦ ਦੀ ਸਮੀਖਿਆ


ਬਾਣੀ ਗਿਆਨ ਦਾ ਅਥਾਹ ਸਮੁੰਦਰ ਹੈ।ਸੰਸਾਰ ਦਾ ਗਿਆਨ ,ਕਰਤਾਰ ਦਾ ਗਿਆਨ ਬਾਣੀ ਰਾਹੀਂ ਹੀ ਪ੍ਰਾਪਤ ਹੋਣਾ ਹੈ।ਜਿਤਨੀ ਜਾਣਕਾਰੀ ਧੰਨ ਗੁਰੁ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਪੜ੍ਹਨ ਦਾ ਸਦਕਾ ਹੁੰਦੀ ਹੈ ਉਤਨੀ ਕਿਸੇ ਭੀ ਦੁਨੀਆਂ ਦੇ ਕਿਸੇ ਹੋਰ ਗ੍ਰੰਥ ਨੂੰ ਪੜਿਆਂ ਨਹੀ ਹੁੰਦੀ।ਇਸ ਲਈ ਮਨੁਖ ਨੂੰ ਜਿੰਦਗੀ ਵਿਚ ਜਿਤਨਾਂ ਸਮਾਂ ਭੀ ਪ੍ਰਾਪਤ ਹੁੰਦਾਂ ਹੈ,ਉਹ ਸਮਾਂ ਬਾਣੀ ਪੜ੍ਹਨ ਵਿਚ ਲਾਵੇ ਤਾਂ ਮੈ ਸਮਝਦਾ ਹਾਂ ਕਿ ਮਨੁਖ ਦੇ ਬਹੁਤ ਸਾਰੇ ਭਰਮ ਭੁਲੇਖਿਆਂ ਦਾ ਉਤਰ ਇਸ ਜੀਵ ਨੂੰ ਬਾਣੀ ਵਿਚੋਂ ਹੀ ਮਿਲ ਜਾਵੇਗਾ।ਪਿਛਲੇ ਦਿਨੀ ਵਿਚ ਇਕ ਖਬਰ ਆਈ ਸੀ ਕਿ ਕਿਸੇ ਅਨਧਰਮ ਦੇ ਬੰਦੇ ਨੇ ਗੁਰੁ ਗ੍ਰੰਥ ਸਾਹਿਬ ਜੀ ਦਾ ਅਧਿਐਨ ਕੀਤਾ ਤੇ ਬਹੁਤ ਹੀ ਪ੍ਰਭਾਵਤ ਹੋਇਆ। ਦਾਸ ਅੱਜ ੨੮/੦੭/੨੦੧੩ ਐਤਵਾਰ ਸਵੇਰ ਦੇ ਨਿਤਨੇਮ ਤੋਂ ਬਾਅਦ ਕੁਝ ਅੰਗ ਸਹਿਜ  ਪਾਠ ਦੇ ਕਰ ਰਹਿਆਂ ਸੀ ਕਿ ਬਾਬਾ ਫਰੀਦ ਜੀ ਦੇ ਸਲੋਕ ਜੋ ਸਿਰ ਸਾਈ ਨ ਨਿਵੈ ਸੋ ਸਿਰ ਕਪਿ ਉਤਾਰਿ॥੧੩੮੧॥ ਸਲੋਕ ਨੰ:੭੧  ਪੱੜ ਰਿਹਾਂ ਸਾਂ ਤਾਂ ਭਗਤ ਕਬੀਰ ਜੀ ਦੇ ਸ਼ਬਦ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉਂ(੫੨੪) ਸਾਹਮਣੇ ਆ ਗਿਆ।ਵੇਖਿਆ ਕਿ ਦੋਵਾਂ ਸ਼ਬਦਾ ਵਿਚ ਕਪਿ ਸ਼ਬਦ ਆਇਆ ਹੈ। ਮਨ ਸੋਚਨ ਲਗ ਪਿਆ ਕਿ ਸ਼ਬਦ ਤਾਂ ਕਪਿ ਹੀ ਹੈ ਪਰ ਦੋਵਾਂ ਥਾਂਵਾ ਤੇ ਅਰਥ ਇਕੋ ਜਿਹਾ ਨਹੀ ਲਗ ਰਿਹਾ ਦੋਵਾਂ ਪੰਗਤੀਆਂ ਦਾ ਅਰਥ ਭਾਵ ਵਖਰਾ ੨ ਹੈ।ਬਸ ਵਿਚਾਰ ਕੇ ਪਾਠ ਕਰਨ ਦਾ ਲਾਹਾ ਇਹੋ ਹੀ ਕਿ ਸਤਿਗੁਰੂ ਆਪ ਜੀ ਨੂੰ ਫਿਰ ਸੋਝੀ ਬਖਸ਼ ਦੇ ਹਨ ਜੀ।
  ਸੋ ਗੁਰੁ ਪਿਆਰਿਓ ਆਓ ਅੱਜ ਅਸੀ ਇਸੇ ਸਬਦ ਦੇ ਅਧਾਰ ਤੇ ਹੀ ਸਤਿਗੁਰਾਂ ਦੀ ਬਖਸ਼ੀ ਮੱਤ ਅਨੁਸਾਰ ਕੁਝ ਵਿਚਾਰ ਸਾਂਝੀ ਕਰਾਂਗੇ।ਕੱਪ ਸ਼ਬਦ ਦੇ ਮੂਲ ਰੂਪ ਵਾਲੇ ਪਾਸੇ ਜਾਈਏ ਤਾਂ ਇਹ ਸਬਦ ਇੰਗਲਿਸ਼ ਭਾਸ਼ਾ ਵਿਚੋਂ ਆਇਆ ਲਗਦਾ ਹੈ।ਜਿਸਦਾ ਰੂਪ ਹੈ "ਚੁਪ"
ਜੋ ਅਸੀ ਰੋਜ਼ਾਨਾ ਦੀ ਬੋਲੀ ਵਿਚ ਵਰਤਦੇ ਹਾਂ ਇਕ ਕੱਪ ਚਾਹ ਮੇਰੇ ਲਈ ਬਣਾ ਦੇਵੋ ਜੀ । ਇਹ ਸ਼ਬਦ ਸਾਡੀ ਬੋਲੀ ਦਾ ਅੰਗ ਹੀ ਬਣ ਗਿਆ ਹੈ।ਚਾਹੇ ਪੜਿਆ ਅਨਪੜਿਆ ਸ਼ਬਦ ਕੱਪ ਹੀ ਵਰਤੇਗਾ। ਪਰ ਗੁਰਬਾਣੀ ਅੰਦਰ ਆਏ ਇਸ ਸ਼ਬਦ ਦਾ ਰੂਪ ਅਤੇ ਅਰਥ ਦੋਵੇ ਹੀ ਵੱਖਰੇ ਵਖਰੇ ਹਨ। ਕਪਿ ਸ਼ਬਦ ਬਾਣੀ ਵਿੱਚ ਸਿਰਫ ਤਿੰਨ ਵਾਰ ਹੀ ਆਇਆ ਹੈ। ਤਿੰਨੇ ਵਾਰ ਤਿੰਨ ਵੱਖਰੇ ਅਰਥਾਂ ਵਿੱਚ ਹੀ ਆਇਆ ਹੈ।
ਪਹਿਲੀ ਵਾਰ ਪੰਨਾਂ- ੩੩੬  ਰਾਗ ਆਸਾ ਵਿੱਚ ਭਗਤ ਕਬੀਰ ਜੀ ਦੇ ਸਬਦ "ਜਿਉ ਕਪਿ ਕੇ ਕਰਿ ਮੁਸਟਿ ਚਨਨ ਕੀ ਲੁਬਧਿ ਨ ਤਿਆਗ ਦਇਓ॥"
ਦੂਸਰੀ ਵਾਰ ਬਲਦ ਦੇ ਅਰਥ ਵਿਚ ਭਗਤ ਕਬੀਰ ਜੀ ਨੇ ਰਾਗ ਗੂਜਰੀ ਵਿੱਚ ਇਸਦੀ ਵਰਤੋਂ ਕੀਤੀ ਹੈ।
"ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉਂ ਗਤਿ ਬਿਨ ਰੈਨਿ ਬਿਹਈ ਹੈ॥" ਪੰਨਾਂ- ੫੨੪॥
ਅਤੇ ਤੀਸਰੀ ਵਾਰ ਇਸ ਸ਼ਬਦ ਨੂੰ ਬਾਬਾ ਫਰੀਦ ਜੀ ਨੇ ਕੱਟਨ ਵੱਢਣ ਦੇ ਰੂਪ ਵਿਚ ਵਰਤੋਂ ਕੀਤੀ ਹੈ।ਜਿਸ ਵਿਚ ਬਚਨ ਕੀਤਾ ਕਿ ਜੋ ਸਿਰ ਪ੍ਰਮਾਤਮਾ ਅਗੇ ਝੁਕਦਾ ਨਹੀ ਉਸ ਸਿਰ ਨੂੰ ਧੜ ਨਾਲੋਂ ਵੱਢ ਕੇ ਅਲੱਗ ਕਰ ਦੇਵੋ।ਆਪ ਜੀ ਦੇ ਸਲੋਕਾਂ ਵਿਚ ਆਇਆ ਹੈ।
"ਉਠਿ ਫਰੀਦਾ ਉਜੂ ਸਾਜਿ ਸੁਬਹ ਨਿਵਾਜੁ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥੧੩੮੧ਪੰਨਾਂ॥੭੧॥"
     ਸੋ ਸਾਨੂੰ ਸਬਦ ਸਰੂਪ ਤਾਂ ਇਕੋ ਵਰਗਾ ਹੀ ਲਗੇਗਾ ਪਰ ਅਰਥ ਵਖਰਾ ੨ ਹੋ ਜਾਵੇਗਾ ਇਹ ਸਾਰਾ ਗਿਆਨ ਬਾਣੀ ਪੜਿਆ ਹੀ ਪਰਾਪਤ ਹੋਵੇਗਾ।ਬਾਵਨ ਅਖਰੀ  ਵਿਚ ਭਗਤ ਕਬੀਰ ਜੀ ਬੜੀ ਪਿਆਰੀ ਗਲ ਲਿਖਦੇ ਹਨ ਕਿ ਹੇ ਬੰਦੇ ਅਪਣੀ ਮੱਤ ਨੂੰ ਵਧਾਉਣ ਲਈ ਕੁਝ ਧਾਰਮਿਕ ਪੁਸਤਕਾਂ ਪੜਿਆ ਕਰ।ਬਚਨ ਹੈ।
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ॥
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥੫॥  ਪੰਨਾ- ੩੪੦॥
ਦੇ ਅਨੁਸਾਰ ਜਦੋਂ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਜੀ ਦਾ ਇਨਸਾਈਕਲੋਪੀਡੀਆ, ਮਹਾਨਕੋਸ਼ ਵੇਖਿਆ ਤਾਂ ਕਪਿ ਸ਼ਬਦ ਦੇ ਅਰਥ ਪੱੜ ਕੇ ਹੈਰਾਨ ਹੋ ਗਿਆ। ਉਹਨਾਂ ਲਿਖਿਆ ਕਿ ਕਪਿ ਕਪ ਕਪੈ ਕਪਹਿ ਇਹ ਸਾਰੇ ਇਕ ਸਰੂਪ ਵਾਲੇ ਸਬਦ ਹਨ ਜਿਨ੍ਹਾਂ ਦੇ ਅਰਥ ਇਹ ਹੋ ਸਕਦੇ ਹਨ।
ਕਪੈ –ਕੰਬਨਾਂ -ਹੱਥ ਮਰੋੜੈ ਤਨ ਕਪੈ ਸਿਆਹੁ ਹੋਆ ਸੇਤ॥ ਕਪਿ-ਚਲਨਾਂ, ਹਿਲਨਾਂ ਬਾਂਦਰ ,ਹਾਥੀ, ਸੂਰਜ, ਬਲਦ।
ਕਪਿ ਕੁੰਜਰੇ-ਹਨੂਮਾਨ, ਕਪਿਕੇਤ-ਅਰਜੁਨ  ਜਿਸ ਦੇ ਝੰਡੇ ਵਿਚ ਬਾਂਦਰ ਦਾ ਨਿਸ਼ਾਨ ਹੈ,
ਕਪਿ ਪਤਿ-ਰਾਜਾ ਸੁਗਰੀਵ ਜੋ ਬਾਂਦਰਾਂ ਦਾ ਰਾਜਾ ਮੰਨਿਆ ਗਿਆ। ਕਪਿ ਦਾ ਅਰਥ ਹਾਥੀ ਇਹ ਮੇਰੇ ਵਾਸਤੇ ਭੀ ਨਵਾਂ ਅਰਥ ਸਾਹਮਣੇ ਆਇਆ ਹੈ। ਬਸ ਇਸੇ ਤਰਾਂ ਹੀ ਅੱਖਰ ਅੱਖਰ ਪੜ ਕੇ ਗਿਆਨ ਵਿਚ ਵਾਧਾ ਹੁੰਦਾਂ ਹੈ ।ਗੁਰੁ ਕਿਰਪਾ ਕਰਨ ਬਾਣੀ ਦੇ ਪੜ੍ਹਨ ਵਿਚਾਰਨ ਦੀ ਸੱਭ ਨੂੰ ਸੁਮਤ ਬਖਸ਼ਨ ਜੀ।
                                          ਪ੍ਰਕਰਨ ਲਿਖਿਆ ੨੮/੭/੨੦੧੩
                              ਫੋਨ ਨ: ੯੮੮੮੧੫੧੬੮੬ 

No comments:

Post a Comment